ਸਰਹੱਦ ''ਤੇ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲ ਰਹੀ ਪੰਜਾਬ ਸਰਕਾਰ
Friday, Oct 04, 2024 - 04:13 PM (IST)
ਜਲੰਧਰ : ਦੇਸ਼ ਦੀ ਰਾਖੀ ਦੌਰਾਨ ਸਰਹੱਦਾਂ 'ਤੇ ਸ਼ਹੀਦ ਹੋਣ ਵਾਲੇ ਸੂਰਮਿਆਂ ਦੇ ਪਰਿਵਾਰਾਂ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਦਦਗਾਰ ਸਾਬਤ ਹੋ ਰਹੀ ਹੈ। ਘਰ ਦੇ ਨੌਜਵਾਨ ਪੁੱਤ ਦੇ ਸ਼ਹੀਦ ਹੋਣ ਦਾ ਘਾਟਾ ਭਾਵੇਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਵਲੋਂ ਇਕ ਕਰੋੜ ਰੁਪਏ ਦੀ ਮਾਲੀ ਮਦਦ ਮਿਲਣ ਨਾਲ ਸ਼ਹੀਦ ਦੇ ਪਰਿਵਾਰ ਨੂੰ ਵੱਡੀ ਆਰਥਿਕ ਮਦਦ ਮਿਲ ਰਹੀ ਹੈ। ਇਸ ਨਾਲ ਨਾ ਸਿਰਫ ਪਰਿਵਾਰ ਦਾ ਜੀਵਨ ਪੱਧਰ ਉੱਚਾ ਹੋ ਰਿਹਾ ਹੈ ਸਗੋਂ ਸ਼ਹੀਦ ਦੇ ਪਿੱਛੇ ਰਹਿ ਗਏ ਮਾਂ-ਪਿਓ, ਪਤਨੀ ਅਤੇ ਬੱਚਿਆਂ ਨੂੰ ਜੀਵਨ ਬਸਰ ਕਰਨ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ।
ਲੱਦਾਖ ਹਾਦਸੇ 'ਚ ਸ਼ਹੀਦ ਹੋਏ ਸੂਬੇਦਾਰ ਰਮੇਸ਼ ਲਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਫਰੀਦਕੋਟ ਦੇ ਪਿੰਡ ਸਿਰਸੜੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਇਕ ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਤੋਂ ਇਲਾਵਾ ਸ਼ਹੀਦ ਦੇ ਨਾਂ ’ਤੇ ਪਿੰਡ ਵਿਚ ਸਟੇਡੀਅਮ ਬਣਾਉਣ ਅਤੇ ਸੜਕ ਦਾ ਨਾਂ ਸ਼ਹੀਦ ਰਮੇਸ਼ ਲਾਲ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ।
ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਫ ਆਰਥਿਕ ਮਦਦ ਹੀ ਨਹੀਂ ਕੀਤੀ ਜਾਂਦੀ ਸਗੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਸ਼ਹੀਦ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਉਂਦੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਫ ਸਿਲਾਈ ਮਸ਼ੀਨਾਂ ਹੀ ਵੰਡੀਆਂ ਜਾਂਦੀਆਂ ਸਨ ਪਰ ਪੰਜਾਬ ਸਰਕਾਰ ਦੀ ਕੁਰਬਾਨੀਆਂ ਦੇਣ ਵਾਲਿਆਂ ਨੂੰ ਸਨਮਾਨ ਦੇਣ ਦੀ ਜਿਹੜੀ ਨੀਤੀ ਹੈ, ਉਹ ਦਿੱਲੀ ਤੋਂ ਸ਼ੁਰੂ ਹੋਈ ਸੀ। ਭਾਵੇਂ ਕਿਸੇ ਦੀ ਜਾਨ ਦੀ ਕੀਮਤ ਨਹੀਂ ਰੱਖੀ ਜਾ ਸਕਦੀ ਪਰ ਸ਼ਹੀਦਾਂ ਨੂੰ ਸਨਮਾਨ ਵਜੋਂ ਇਕ ਕਰੋੜ ਰੁਪਏ ਦਿੱਤੇ ਜਾ ਰਹੇ ਹਨ।