''ਮਰੀਜ਼ਾਂ ਦੇ ਅੰਗ ਕੱਢਣ ਤੇ ਮੁਨਾਫਾਖੋਰੀ ਵਰਗੀਆਂ ਅਫਵਾਹਾਂ ਫੈਲਾਅ ਕੇ ਕੁਝ ਲੋਕ ਕਰ ਰਹੇ ਗੰਦੀ ਰਾਜਨੀਤੀ''
Wednesday, Sep 09, 2020 - 01:09 AM (IST)
ਜਲੰਧਰ,(ਚੋਪੜਾ)– ਪੰਜਾਬ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਬਲਵੀਰ ਸਿੰਘ ਸਿੱਧੂ ਨੇ 16 ਕਰੋੜ ਰੁਪਏ ਦੀ ਲਾਗਤ ਨਾਲ ਨਾਰਥ ਵਿਧਾਨ ਸਭਾ ਹਲਕੇ ਅਧੀਨ ਦਾਦਾ ਕਾਲੋਨੀ, ਵੈਸਟ ਵਿਧਾਨ ਸਭਾ ਹਲਕੇ ਵਿਚ ਪੈਂਦੇ ਬਸਤੀ ਗੁਜ਼ਾਂ ਅਤੇ ਕੈਂਟ ਵਿਧਾਨ ਸਭਾ ਹਲਕੇ ਅਧੀਨ ਖੁਰਲਾ ਕਿੰਗਰਾ ਵਿਚ ਬਣਾਏ 3 ਨਵੇਂ ਕਮਿਊਨਿਟੀ ਸੈਂਟਰ ਅੱਜ ਜਨਤਾ ਨੂੰ ਸਮਰਪਿਤ ਕੀਤੇ, ਜਿਨ੍ਹਾਂ 'ਚ ਹੁਣ ਕੋਵਿਡ-19 ਦੇ ਲੈਵਲ-2 ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਸੈਂਟਰਾਂ 'ਚ 80 ਬੈੱਡ ਉਪਲੱਬਧ ਹਨ, ਜਿਨ੍ਹਾਂ ਵਿਚ ਦਾਦਾ ਕਾਲੋਨੀ ਦੇ ਸੈਂਟਰ ਵਿਚ 30, ਬਸਤੀ ਗੁਜ਼ਾਂ ਵਿਚ 30 ਤੇ ਖੁਰਲਾ ਕਿੰਗਰਾ ਦੇ ਕਮਿਊਨਿਟੀ ਸੈਂਟਰ 'ਚ 20 ਬੈੱਡਾਂ ਦੀ ਸਮਰੱਥਾ ਹੋਵੇਗੀ, ਜਿਸ ਨਾਲ ਹੁਣ ਜ਼ਿਲੇ ਦੇ ਸਰਕਾਰੀ ਹਸਪਤਾਲਾਂ ਵਿਚ ਲੈਵਲ-2 ਦੇ ਮਰੀਜ਼ਾਂ ਲਈ ਬੈੱਡਾਂ ਦੀ ਗਿਣਤੀ 284 ਤੋਂ ਵਧ ਕੇ 364 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਚ ਆਧੁਨਿਕ ਤਕਨੀਕ ਦੀ ਮਸ਼ੀਨਰੀ ਤੋਂ ਇਲਾਵਾ ਪਾਈਪਲਾਈਨ ਅਤੇ ਆਕਸੀਜਨ ਸਪਲਾਈ ਦੀ ਸਹੂਲਤ ਹੋਵੇਗੀ ਅਤੇ ਲੋੜ ਪੈਣ 'ਤੇ ਇਨ੍ਹਾਂ ਸੈਂਟਰਾਂ ਨੂੰ ਆਈ. ਸੀ. ਯੂ. ਵਿਚ ਵੀ ਬਦਲਿਆ ਜਾ ਸਕਦਾ ਹੈ। ਸਿੱਧੂ ਨੇ ਕਿਹਾ ਕਿ ਕੋਵਿਡ-19 ਦੀ ਵੈਕਸੀਨ ਤਿਆਰ ਹੋਣ ਤੱਕ ਸਾਨੂੰ ਬਹੁਤ ਸਾਵਧਾਨੀ ਵਰਤਣੀ ਪਵੇਗੀ। ਕੋਰੋਨਾ ਮਰੀਜ਼ਾਂ ਦੇ ਅੰਗ ਕੱਢਣ, ਮੁਨਾਫਾਖੋਰੀ ਸਮੇਤ ਡਾਕਟਰ ਨੂੰ 3.50 ਲੱਖ ਰੁਪਏ ਅਤੇ ਆਸ਼ਾ ਵਰਕਰ ਨੂੰ 50 ਹਜ਼ਾਰ ਰੁਪਏ ਮਿਲਣ ਵਰਗੇ ਭਰਮਾਊ ਅਤੇ ਨਿਰਾਧਾਰ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਕੇ ਅਤੇ ਅਫਵਾਹਾਂ ਫੈਲਾਅ ਕੇ ਕੁਝ ਲੋਕ ਗੰਦੀ ਰਾਜਨੀਤੀ ਕਰਦਿਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਬਾਰੇ ਪੁਲਸ ਵਿਭਾਗ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਲੱਛਣਾਂ ਨੂੰ ਹਲਕੇ ਵਿਚ ਨਾ ਲੈਣ ਤੇ ਜੇਕਰ ਕੋਈ ਲੱਛਣ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਤੋਂ ਇਲਾਵਾ ਕੋਵਿਡ-19 ਦਾ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਕਿ ਬੀਮਾਰੀ ਨੂੰ ਲੈਵਲ-1 'ਤੇ ਹੀ ਕੰਟਰੋਲ ਕੀਤਾ ਜਾ ਸਕੇ।
'ਆਪ' ਦੀ ਆਕਸੀਮੀਟਰ ਮੁਹਿੰਮ ਨੂੰ ਦੱਸਿਆ ਸਿਆਸੀ ਸ਼ੋਹਰਤ ਹਾਸਲ ਕਰਨ ਦਾ ਤਰੀਕਾ
'ਆਪ' ਵੱਲੋਂ ਪੰਜਾਬ ਵਿਚ ਸ਼ੁਰੂ ਕੀਤੀ ਗਈ ਆਕਸੀਮੀਟਰ ਮੁਹਿੰਮ ਬਾਰੇ ਸਿੱਧੂ ਨੇ ਕਿਹਾ ਕਿ ਆਕਸੀਮੀਟਰ ਦੀ ਜ਼ਰੂਰਤ ਆਮ ਆਦਮੀ ਨੂੰ ਨਹੀਂ, ਸਗੋਂ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਹੁੰਦੀ ਹੈ। 'ਆਪ' ਦੀ ਮੁਹਿੰਮ ਤਾਂ ਸਿਰਫ ਸਿਆਸੀ ਸ਼ੋਹਰਤ ਹਾਸਲ ਕਰਨ ਦਾ ਤਰੀਕਾ ਹੈ, ਜਦੋਂਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਮਰੀਜ਼ਾਂ ਅਤੇ ਘਰਾਂ ਵਿਚ ਇਕਾਂਤਵਾਸ ਹੋਏ ਲੋਕਾਂ ਨੂੰ 50 ਹਜ਼ਾਰ ਮੁਫਤ ਕੋਵਿਡ ਕੇਅਰ ਕਿੱਟਾਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਵਿਚ ਆਕਸੀਮੀਟਰ, ਡਿਜੀਟਲ ਥਰਮਾਮੀਸਟਰ, ਫੇਸ ਮਾਸਕ ਤੇ ਜ਼ਰੂਰੀ ਦਵਾਈਆਂ ਹੋਣਗੀਆਂ। ਪੰਜਾਬ ਸਰਕਾਰ ਟੈਸਟ ਤੋਂ ਲੈ ਕੇ ਲੋੜ ਪੈਣ 'ਤੇ ਲੈਵਲ-3 ਦੇ ਮਰੀਜ਼ਾਂ ਤੱਕ ਦਾ ਇਲਾਜ ਮੁਫਤ ਕਰ ਰਹੀ ਹੈ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਆਪ੍ਰੇਸ਼ਨ ਥੀਏਟਰ, ਐਮਰਜੈਂਸੀ ਵਾਰਡ, ਡਿਸਪੈਂਸਰੀ, ਔਰਤਾਂ ਤੇ ਮਰਦਾਂ ਲਈ ਵੱਖ-ਵੱਖ ਵਾਰਡ, ਐਲੀਵੇਟਰ ਅਤੇ ਹੋਰ ਸਹੂਲਤਾਂ ਵੀ ਿਦੱਤੀਆਂ ਗਈਆਂ ਹਨ।