ਸੁਭਾਣਾ ਵਾਸੀ ਬਲਜੀਤ ਦੀ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ, ਹੱਤਿਆ ਦਾ ਸ਼ੱਕ

Thursday, Aug 30, 2018 - 06:05 AM (IST)

ਜਲੰਧਰ,   (ਮਹੇਸ਼)—   18 ਅਗਸਤ ਦੀ ਰਾਤ ਨੂੰ 66 ਫੁੱਟੀ ਰੋਡ ’ਤੇ ਪਿੰਡ ਕਾਦੀਆਂਵਾਲੀ ਦੇ  ਨਜ਼ਦੀਕ ਸੜਕ ਹਾਦਸੇ ਵਿਚ ਥਾਣਾ ਨੰਬਰ 7 ਦੇ ਪਿੰਡ ਸੁਭਾਣਾ ਨਿਵਾਸੀ 23 ਸਾਲ ਦੇ ਬਲਜੀਤ  ਦੀ ਹੋਈ ਮੌਤ ਦੇ ਮਾਮਲੇ ਨੇ ਅੱਜ ਉਸ ਸਮੇਂ ਨਵਾਂ ਮੋੜ ਲਿਆ, ਜਦੋਂ ਮ੍ਰਿਤਕ ਬਲਜੀਤ ਦੀ  ਮਾਂ ਭਜਨ ਕੌਰ ਪਤਨੀ ਨਸੀਬ ਚੰਦ ਨੇ ਅਸ਼ੰਕਾ ਜਤਾਈ ਕਿ ਉਸਦੇ ਬੇਟੇ ਦੀ ਮੌਤ ਐਕਸੀਡੈਂਟ ਵਿਚ  ਨਹੀਂ, ਬਲਕਿ ਹੱਤਿਆ ਕੀਤੀ ਗਈ ਹੈ। ਉਸਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਉਸਦੇ ਬੇਟੇ ਦਾ  ਪੋਸਟਮਾਰਟਮ ਦੁਬਾਰਾ ਕਰਵਾਇਆ ਜਾਵੇ। ਜਿਸ ’ਤੇ ਪੁਲਸ ਅਧਿਕਾਰੀਆਂ ਨੇ ਆਪਣੀ ਸਹਿਮਤੀ ਵੀ  ਦੇ ਦਿੱਤੀ। ਜਦਕਿ ਏ. ਐੱਸ. ਆਈ. ਗੁਰਮੀਤ ਸਿੰਘ ਨੇ ਹਾਦਸੇ ਦੇ ਅਗਲੇ ਹੀ ਦਿਨ ਬਲਜੀਤ ਦਾ  ਪੋਸਟਮਾਰਟਮ ਕਰਵਾ ਕੇ ਲਾਸ਼ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਸੀ। ਬਲਜੀਤ ਦੇ ਨਾਲ  ਮੌਜੂਦ ਸੁਭਾਣਾ ਨਿਵਾਸੀ ਬਲਵਿੰਦਰ ਸਿੰਘ ਪੁੱਤਰ ਜੋਗਾ ਸਿੰਘ ਜ਼ਖ਼ਮੀ ਹੋ ਗਿਆ ਸੀ ਜੋ ਅਜੇ  ਵੀ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹੈ। ਸੁਭਾਣਾ ਦੇ ਸਰਪੰਚ ਮਲਕੀਤ ਸਿੰਘ ਨੇ ਵੀ ਕਿਹਾ ਕਿ  ਬਲਜੀਤ ਦੀ ਹੱਤਿਆ ਕੀਤੀ ਗਈ ਹੈ ਅਤੇ ਉਸਦੀ ਮੌਤ ਨੂੰ ਐਕਸੀਡੈਂਟ ਵਿਚ ਬਦਲ ਦਿੱਤਾ ਗਿਆ  ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਵਾਰਦਾਤ ਵਾਲੇ ਦਿਨ ਹੀ ਪੂਰੇ ਮਾਮਲੇ ਦੀ ਗਹਿਰਾਈ ਨਾਲ  ਜਾਂਚ ਕਰਦੀ ਤਾਂ ਸਾਰੀ ਸੱਚਾਈ ਸਾਹਮਣੇ ਆ ਸਕਦੀ ਸੀ। ਮਾਂ ਨੇ ਕਿਹਾ ਕਿ ਬਲਜੀਤ ਦੀ ਮੌਤ  ਵਾਲੇ ਦਿਨ ਉਸਦੇ ਦੋਸਤਾਂ ਨੇ ਉਸਨੂੰ ਲਾਲਚ ਦੇ ਕੇ ਆਪਣੇ ਕੋਲ ਬੁਲਾਇਆ ਅਤੇ ਫਿਰ ਇਕੱਠੇ  ਬੱਸ ਅੱਡੇ ਨਜ਼ਦੀਕ ਅਹਾਤੇ ’ਤੇ ਚਲੇ ਗਏ, ਜਿਥੇ ਉਸਨੂੰ ਖੂਬ ਸ਼ਰਾਬ ਪਿਆਈ ਗਈ। ਮਾਂ ਭਜਨ  ਕੌਰ ਅਤੇ ਸਰਪੰਚ ਮਲਕੀਤ ਸਿੰਘ ਦੇ ਮੁਤਾਬਕ ਅਹਾਤੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ  ਵਿਚ ਵੀ ਇਹ ਸਭ ਕੁਝ  ਕੈਦ ਪਾਇਆ ਗਿਆ, ਜਿਸ ਦੀ ਫੁਟੇਜ ਵੀ ਉਨ੍ਹਾਂ ਕੋਲ ਪਹੁੰਚ ਚੁੱਕੀ  ਹੈ। 
ਭੈਣ ਦੇ ਵਿਦੇਸ਼ ਤੋਂ ਆਉਣ ਕਾਰਨ ਬਲਜੀਤ ਦੇ ਸੰਸਕਾਰ ਵਿਚ ਹੋਈ ਦੇਰੀ
19  ਅਗਸਤ ਨੂੰ ਬਲਜੀਤ ਦੀ ਲਾਸ਼ ਮਿਲ ਜਾਣ ਦੇ ਬਾਵਜੂਦ ਵੀ ਉਸਦੇ ਪਰਿਵਾਰ ਵਾਲਿਆਂ ਨੇ ਉਸਦਾ  ਅੰਤਿਮ ਸੰਸਕਾਰ ਨਹੀਂ ਕੀਤਾ ਸੀ ਕਿਉਂਕਿ ਉਸਦੀ ਵੱਡੀ ਭੈਣ ਨੇ ਵਿਦੇਸ਼ ਤੋਂ ਆਉਣਾ ਸੀ। ਇਸ  ਦੌਰਾਨ ਬਲਜੀਤ ਦੀ ਲਾਸ਼ ਨੂੰ ਉਸਦੇ ਪਰਿਵਾਰ ਵਾਲਿਆਂ ਨੇ ਕੁੱਕੜ ਪਿੰਡ ਲਾਸ਼ ਗ੍ਰਹਿ ਕੇਂਦਰ  ਵਿਚ ਰੱਖਿਆ ਸੀ। ਭੈਣ ਵਿਦੇਸ਼ ਤੋਂ ਆਈ ਤਾਂ ਬਲਜੀਤ ਦੀ ਮੌਤ ਵਿਚ ਨਵਾਂ ਮੋੜ ਆ ਚੁੱਕਾ ਸੀ।  

ਹੱਤਿਆ ਦਾ ਕੇਸ ਦਰਜ ਕਰ ਕੇ ਹਤਿਆਰੇ ਫੜੇ ਜਾਣ
ਮ੍ਰਿਤਕ ਬਲਜੀਤ ਦੀ ਮਾਂ ਭਜਨ  ਕੌਰ, ਸਰਪੰਚ ਮਲਕੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਬਲਜੀਤ ਦੀ ਹੱਤਿਆ ਨੂੰ  ਲੈ ਕੇ ਦੋਸ਼ੀਆਂ ’ਤੇ ਹੱਤਿਆ ਦਾ ਕੇਸ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਫੜ ਕੇ ਸਖ਼ਤ ਤੋਂ  ਸਖ਼ਤ ਸਜ਼ਾ ਦਿੱਤੀ ਜਾਵੇ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਜੇਕਰ ਬਲਜੀਤ ਦੀ  ਮੌਤ ਨੂੰ ਲੈ ਕੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਇਸਦੇ ਲਈ ਸਖ਼ਤ ਤੋਂ ਸਖ਼ਤ  ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। 
ਸਦਰ ਪੁਲਸ ਨੇ ਕੀਤਾ ਸੀ ਸੜਕ ਹਾਦਸੇ ਦਾ ਕੇਸ ਦਰਜ
ਬਲਜੀਤ  ਦੀ ਮੌਤ ਨੂੰ ਲੈ ਕੇ ਥਾਣਾ ਸਦਰ ਦੀ ਪੁਲਸ ਨੇ 19 ਅਗਸਤ ਨੂੰ ਸੜਕ ਹਾਦਸੇ ਦਾ ਕੇਸ ਦਰਜ  ਕੀਤਾ ਸੀ, ਜਿਸ ਵਿਚ ਧਾਰਾ 337, 338, 427, 304 ਅਣਪਛਾਤੇ ਵਾਹਨ ਚਾਲਕ ਖਿਲਾਫ ਲਾਈ ਗਈ ਸੀ। ਪੁਲਸ ਬਲਜੀਤ ਦੀ ਮੌਤ ਦੇ ਮਾਮਲੇ ਵਿਚ ਅਜੇ ਤੱਕ ਦੋਸ਼ੀ ਦਾ ਪਤਾ ਨਹੀਂ ਲਗਾ ਸਕੀ। 
 


Related News