ਪੰਜਾਬ ''ਚ 16 ਗੋਲ਼ੀਆਂ ਮਾਰ ਕਤਲ ਕੀਤੇ ਨੌਜਵਾਨ ਦੇ ਮਾਮਲੇ ''ਚ ਨਵਾਂ ਮੋੜ! ਵਿਦੇਸ਼ ਬੈਠੇ ਗੈਂਗਸਟਰ ਨੇ ਲਈ ਜ਼ਿੰਮੇਵਾਰੀ
Sunday, Jan 04, 2026 - 12:28 PM (IST)
ਮੋਗਾ (ਕਸ਼ਿਸ਼): ਮੋਗਾ ਦੇ ਪਿੰਡ ਭਿੰਡਰਕਲਾਂ 'ਚ ਨੌਜਵਾਨ ਨੂੰ ਸ਼ਰੇਆਮ ਗੋਲ਼ੀਆਂ ਮਾਰ ਕਤਲ ਕੀਤੇ ਜਾਣ ਦੇ ਮਾਮਲੇ 'ਚ ਹੁਣ ਗੈਂਗਸਟਰਾਂ ਦੀ ਐਂਟਰੀ ਹੋ ਗਈ ਹੈ। ਜਾਣਕਾਰੀ ਮਿਲੀ ਹੈ ਕਿ ਇਸ ਸਬੰਧੀ ਗੈਂਗਸਟਰ ਮਣੀ ਭਿੰਡਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ। ਹਾਲਾਂਕਿ 'ਜਗ ਬਾਣੀ' ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਤੇ ਇਹ ਜਾਂਚ ਦਾ ਵਿਸ਼ਾ ਹੈ।
ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਮਣੀ ਭਿੰਡਰ ਦੇ ਨਾਂ ਤੋਂ ਇਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਨੇ ਉਮਰਸੀਰ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਆਖ਼ਿਆ ਹੈ ਕਿ ਉਸ ਨੇ ਇਹ ਕਤਲ ਫ਼ਿਰੌਤੀਆਂ ਲਈ ਨਹੀਂ, ਸਗੋਂ ਪੁਰਾਣੀ ਰੰਜਿਸ਼ ਕਾਰਨ ਕਰਵਾਇਆ ਹੈ। ਪੋਸਟ ਵਿਚ ਉਮਰਸੀਰ ਸਿੰਘ 'ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ ਤੇ ਨਾਲ ਹੀ ਆਪਣੇ ਹੋਰ ਦੁਸ਼ਮਣਾਂ ਨੂੰ ਵੀ ਚੇਤਵਾਨੀ ਦਿੱਤੀ ਹੈ।

ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਧਰਮਕੋਟ ਹਲਕੇ ਦੇ ਪਿੰਡ ਭਿੰਡਰ ਵਿਖੇ ਪਿੰਡ ਦੇ ਨੌਜਵਾਨ ਉਮਰ ਸੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਉਮਰ ਸੀਰ ਸਿੰਘ ਡਿਊਟੀ 'ਤੇ ਜਾਣ ਲਈ ਘਰੋਂ ਨਿਕਲਿਆ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਉਸ ਦੀ ਲਾਸ਼ ਨੂੰ ਧਰਮਕੋਟ ਥਾਣੇ ਮੂਹਰੇ ਰੱਖ ਕੇ ਧਰਨਾ ਲਗਾਇਆ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।
