ਆਦਮਪੁਰ ਏਅਰਪੋਰਟ ਨੇ ਰਚਿਆ ਇਤਿਹਾਸ: ਖਰਾਬ ਮੌਸਮ ਦੇ ਬਾਵਜੂਦ 99.2% ਯਾਤਰੀਆਂ ਨਾਲ ਬਣਿਆ ਨਵਾਂ ਰਿਕਾਰਡ
Sunday, Jan 04, 2026 - 01:51 AM (IST)
ਜਲੰਧਰ (ਸਲਵਾਨ) - ਕੜਾਕੇ ਦੀ ਠੰਢ, ਮੀਂਹ ਅਤੇ ਘੱਟ ਵਿਜ਼ੀਬਿਲਟੀ ਵੀ ਆਦਮਪੁਰ ਏਅਰਪੋਰਟ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕੀ। ਅੱਜ ਆਦਮਪੁਰ ਹਵਾਈ ਅੱਡੇ ਨੇ ਆਪਣੀ ਕੁੱਲ ਯਾਤਰੀ ਸਮਰੱਥਾ ਦੀ 99.2 ਫੀਸਦੀ ਵਰਤੋਂ ਦਰਜ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ।
ਏਅਰਪੋਰਟ ਦੇ ਡਾਇਰੈਕਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਦਿਨ ਆਦਮਪੁਰ ਏਅਰਪੋਰਟ ਤੋਂ ਮੁੰਬਈ ਅਤੇ ਹਿੰਡਨ ਲਈ ਸੰਚਾਲਿਤ ਦੋਵੇਂ ਫਲਾਈਟਾਂ ਲੱਗਭਗ ਪੂਰੀ ਯਾਤਰੀ ਸਮਰੱਥਾ ’ਤੇ ਰਹੀਆਂ। ਆਦਮਪੁਰ ਤੋਂ ਮੁੰਬਈ ਜਾਣ ਵਾਲੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਵਿਚ ਏਅਰਬੱਸ ਏ-320 ਜਹਾਜ਼ ਚਲਾਇਆ ਗਿਆ, ਜਿਸ ਦੀ ਕੁੱਲ ਸਮਰੱਥਾ 188 ਯਾਤਰੀਆਂ ਦੀ ਹੈ। ਇਸ ਫਲਾਈਟ ਵਿਚ 187 ਯਾਤਰੀਆਂ ਨੇ ਯਾਤਰਾ ਕੀਤੀ।
ਉਥੇ ਹੀ, ਸਟਾਰ ਏਅਰਲਾਈਨਜ਼ ਵੱਲੋਂ ਆਦਮਪੁਰ ਤੋਂ ਹਿੰਡਨ ਲਈ ਚਲਾਈ ਫਲਾਈਟ ਵਿਚ ਐਂਬਰਾਇਰ ਈ-175 ਜਹਾਜ਼ ਦੀ ਵਰਤੋਂ ਕੀਤੀ ਗਈ, ਜਿਸ ਦੀ ਸਮਰੱਥਾ 88 ਯਾਤਰੀਆਂ ਦੀ ਹੈ। ਇਸ ਫਲਾਈਟ ਵਿਚ 87 ਯਾਤਰੀਆਂ ਨੇ ਸਫਰ ਕੀਤਾ।
ਇਸ ਤਰ੍ਹਾਂ ਕੁੱਲ 276 ਯਾਤਰੀਆਂ ਦੀ ਸਮਰੱਥਾ ਦੇ ਮੁਕਾਬਲੇ 274 ਯਾਤਰੀਆਂ ਨੇ ਯਾਤਰਾ ਕੀਤੀ, ਜੋ ਕਿ ਕੁੱਲ ਸਮਰੱਥਾ ਦਾ 99.2 ਫੀਸਦੀ ਹੈ। ਖਰਾਬ ਮੌਸਮ ਕਾਰਨ ਇੰਡੀਗੋ ਦੀ ਉਡਾਣ ਲਗਭਗ 17 ਮਿੰਟਾਂ ਦੀ ਦੇਰੀ ਨਾਲ ਰਵਾਨਾ ਹੋਈ, ਜਦੋਂ ਕਿ ਸਟਾਰ ਏਅਰਲਾਈਨਜ਼ ਦੀ ਫਲਾਈਟ ਸਮੇਂ ਸਿਰ ਚੱਲੀ।
ਏਅਰਪੋਰਟ ਪ੍ਰਸ਼ਾਸਨ ਨੇ ਇਸ ਨੂੰ ਆਦਮਪੁਰ ਏਅਰਪੋਰਟ ਲਈ ਇਕ ਮਹੱਤਵਪੂਰਨ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਹ ਯਾਤਰੀਆਂ ਦੇ ਵਧਦੇ ਵਿਸ਼ਵਾਸ ਅਤੇ ਖੇਤਰ ਵਿਚ ਹਵਾਈ ਸੇਵਾਵਾਂ ਦੀ ਵਧਦੀ ਮੰਗ ਨੂੰ ਦਰਸਾਉਂਦਾ ਹੈ।
