ਸ਼ਹਿਰਾਂ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ''ਚ ਨਾ ਫੈਲੇ ''ਕੋਰੋਨਾ'', ਸਰਕਾਰ ਨੇ ਉਲੀਕੀ ਯੋਜਨਾ

Friday, Jun 19, 2020 - 08:42 AM (IST)

ਸ਼ਹਿਰਾਂ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ''ਚ ਨਾ ਫੈਲੇ ''ਕੋਰੋਨਾ'', ਸਰਕਾਰ ਨੇ ਉਲੀਕੀ ਯੋਜਨਾ

ਚੰਡੀਗੜ੍ਹ :  ਪੰਜਾਬ ਦੇ 5 ਜ਼ਿਲ੍ਹਿਆਂ 'ਚ ਸ਼ਹਿਰਾਂ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ 'ਚ ਜਿੱਥੇ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, 'ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਬਲ ਦੇਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇੱਕ ‘ਸਿਟੀ ਪ੍ਰੀਪੇਅਰਡਨੈੱਸ ਯੋਜਨਾ’ ਉਲੀਕੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਐਸ. ਏ. ਐਸ. ਨਗਰ ਅਤੇ ਪਟਿਆਲਾ ਜ਼ਿਲ੍ਹਿਆਂ 'ਚ ਕੋਵਿਡ-19 ਦੇ 54 ਫੀਸਦੀ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਇਸ ਲਈ ਵਿਸ਼ੇਸ਼ ਖੇਤਰ 'ਚ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਵਾਸਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਕਮੇਟੀ ਦੀ ਇਕ ਸਬ-ਕਮੇਟੀ 'ਚ ਹੁਣ ਮੈਡੀਕਲ ਕਾਲਜ ਦੀ ਕਮਿਊਨਿਟੀ ਮੈਡੀਸਨ ਫੈਕਲਟੀ, ਡਬਲਿਊ. ਐਚ. ਓ., ਐਨ. ਪੀ. ਐਸ. ਪੀ. ਸਟਾਫ ਅਤੇ ਇਕ ਪ੍ਰਮੁੱਖ ਐਨ. ਜੀ. ਓ. ਨੂੰ ਸ਼ਾਮਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਸਮਰਪਿਤ ਕਮੇਟੀ ਸਿਹਤ ਮਹਿਕਮੇ ਨਾਲ ਸਲਾਹ-ਮਸ਼ਵਰੇ ਜ਼ਰੀਏ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਯੋਜਨਾਵਾਂ ਉਲੀਕਣ, ਲਾਗੂ ਕਰਨ, ਨਿਗਰਾਨੀ ਕਰਨ ਅਤੇ ਰਿਪੋਰਟਿੰਗ ਲਈ ਸ਼ਹਿਰੀ ਪ੍ਰਸ਼ਾਸਨ ਦੀ ਸਹਾਇਤਾ ਕਰੇਗੀ। ਸਿਹਤ ਮੰਤਰੀ ਨੇ ਕਿਹਾ,“ਇਨਾਂ ਕਮੇਟੀਆਂ ਤੋਂ ਮਹੱਤਵਪੂਰਣ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਡਾਇਰੈਕਟਰ, ਸਿਹਤ ਸੇਵਾਵਾਂ, ਕਾਰਜਕਾਰੀ ਡਾਇਰੈਕਟਰ, ਐਸਐਚਐਸਆਰਸੀ ਅਤੇ ਸਟੇਟ ਐਪੀਡੀਮੋਲੋਜਿਸਟ ਦੀ ਇਕ ਰਾਜ ਪੱਧਰੀ ਕਮੇਟੀ ਨਮੂਨੇ ਇਕੱਤਰ ਕਰਨ, ਟੈਸਟਿੰਗ ਅਤੇ ਰਿਪੋਰਟਿੰਗ ਸਬੰਧੀ ਅੱਗੇ ਫੈਸਲਾ ਲਏਗੀ ਤਾਂ ਜੋ ਨਮੂਨੇ ਲੈਣ ਤੋਂ ਲੈ ਕੇ ਮਰੀਜ਼ ਦੀ ਰਿਪੋਰਟ ਆਉਣ ਤੱਕ ਦੇ ਸਮੇਂ ਨੂੰ ਘਟਾਇਆ (24 ਘੰਟੇ ਤੋਂ ਘੱਟ) ਜਾ ਸਕੇ।

ਮੰਤਰੀ ਨੇ ਅੱਗੇ ਕਿਹਾ ਕਿ ਸ਼ਹਿਰਾਂ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ 'ਚ ‘ਸਿਟੀ ਪ੍ਰੀਪੇਅਰਡਨੈੱਸ ਯੋਜਨਾ’ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਖੇਤਰਾਂ 'ਚ ਘਰ-ਘਰ ਨਿਗਰਾਨੀ ਮੁਹਿੰਮ ਅਤੇ ਟੈਸਟਿੰਗ ਪ੍ਰਕਿਰਿਆ ਦਾ ਰੋਜ਼ਾਨਾ ਆਧਾਰ ’ਤੇ ਜਾਇਜ਼ਾ ਲਿਆ ਜਾਵੇਗਾ। ਫਰੰਟਲਾਈਨ ਵਰਕਰਾਂ ਦੀਆਂ ਟੀਮਾਂ ਅਤੇ ਵਲੰਟੀਅਰ ਕੋਵਿਡ ਦੇ ਘੱਟ ਲੱਛਣ ਵਾਲੇ ਵਿਅਕਤੀ ਜਿਵੇਂ ਕਿ ਸਿਰ ਦਰਦ, ਸਰੀਰ ਦਾ ਟੁੱਟਣਾ, ਗਲੇ 'ਚ ਦਰਦ, ਬੁਖ਼ਾਰ ਆਦਿ ਨੂੰ ਫਲੂ ਕਾਰਨਰਾਂ ਵਿਖੇ ਡਾਕਟਰਾਂ ਤੋਂ ਸਲਾਹ ਲੈ ਕੇ ਇਲਾਜ ਕਰਾਉਣ ਲਈ ਪ੍ਰੇਰਿਤ ਕਰਨਗੇ। ਸਿੱਧੂ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਟੈਸਟ ਲਈ 2,15,000 ਤੋਂ ਵੱਧ ਨਮੂਨੇ ਲਏ ਜਾ ਚੁੱਕੇ ਹਨ ਅਤੇ ਨਮੂਨੇ ਲੈਣ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਕਮਿਊਨਿਟੀ ਹੈਲਥ ਅਫਸਰ, ਰੂਰਲ ਮੈਡੀਕਲ ਅਫਸਰ ਅਤੇ ਸੈਂਪਲ ਲੈਣ ਲਈ ਯੋਗ ਸਮਝੇ ਜਾਣ ਵਾਲੇ ਤਕਨੀਕੀ ਸਟਾਫ਼ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।


author

Babita

Content Editor

Related News