ਸਰਕਾਰ ਨੇ ਕਰਜ਼ੇ ਮੁਆਫੀ ਦੇ ਵਾਅਦੇ ਨੂੰ ਕੀਤਾ ਪੂਰਾ : ਅਵਤਾਰ ਹੈਨਰੀ

01/08/2018 4:25:53 PM


ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਅੱਜ ਮੋਗਾ ਦੇ ਲਰਨਿੰਗ ਫੀਲਡ ਸਕੂਲ ਵਿਖੇ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਮੁਆਫ ਕੀਤੇ ਕਰੋੜਾਂ ਰੁਪਏ ਦੇ ਕਿਸਾਨੀ ਕਰਜ਼ ਨੂੰ ਸਰਕਾਰ ਦਾ ਲੋਕ ਹਿੱਤ 'ਚ ਕੀਤਾ ਇਤਿਹਾਸਕ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕੀਤੇ ਆਪਣੇ ਵਾਅਦੇ ਨੂੰ ਨਿਭਾਅ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦੇ ਹਨ ਉਹ ਕਰਕੇ ਦਿਖਾਉਣ 'ਚ ਯਕੀਨ ਰੱਖਦੇ ਹਨ। 
ਉਨ੍ਹਾਂ ਵਿਰੋਧੀਆਂ ਪਾਰਟੀਆਂ 'ਤੇ ਵਰ੍ਹਦਿਆਂ ਕਿਹਾ ਕਿ ਇਸ ਮਾਮਲੇ 'ਤੇ ਵਿਰੋਧੀ ਪਾਰਟੀਆਂ ਹੁਣ 'ਚੁੱਪ' ਕਿਉਂ ਹੋ ਗਈਆਂ ਹਨ, ਜਿਨ੍ਹਾਂ ਦੇ ਆਗੂ ਇਹ ਆਖਦੇ ਸਨ ਕਿ ਕਿਸਾਨਾਂ ਸਿਰ ਚੜ੍ਹਿਆ ਕਰਜ਼ ਮੁਆਫ ਨਹੀਂ ਹੋ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਅਕਾਲੀ ਸਰਕਾਰ ਨੇ 10 ਵਰ੍ਹਿਆਂ ਦੌਰਾਨ ਮਾੜੀਆ ਨੀਤੀਆਂ ਲਿਆ ਕੇ ਸੂਬੇ ਨੂੰ ਆਰਥਿਕ ਪੱਖੋਂ ਵੱਡੇ ਪੱਧਰ 'ਤੇ ਕਮਜ਼ੋਰ ਕਰ ਛੱਡਿਆ, ਜਿਸ ਕਰਕੇ ਸੂਬੇ ਦਾ ਖਜਾਨਾ ਖਾਲੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਚੰਗੀਆਂ ਨੀਤੀਆਂ ਲਿਆ ਕੇ ਜਿਥੇ ਸੂਬੇ ਨੂੰ ਆਰਥਿਕ ਪੱਖੋਂ ਪੈਰਾਂ ਸਿਰ ਖੜ੍ਹਾ ਕਰ ਰਹੀ ਹੈ, ਉੱਥੇ ਹੀ ਲੋਕ ਦੇ ਹਿੱਤ 'ਚ ਫੈਸਲੇ ਵੀ ਕਰ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸੂਬੇ ਦੀ ਜਨਤਾ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਇਕ-ਇਕ ਕਰਕੇ ਪੂਰਾ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਆਈ. ਐੱਸ. ਐੱਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News