ਰਾਮਦੇਵ ਅਤੇ ਬਾਲਕ੍ਰਿਸ਼ਨ ਜਨਤਕ ਤੌਰ ’ਤੇ ਮੁਆਫੀ ਮੰਗਣ : ਸੁਪਰੀਮ ਕੋਰਟ

Wednesday, Apr 17, 2024 - 01:17 PM (IST)

ਰਾਮਦੇਵ ਅਤੇ ਬਾਲਕ੍ਰਿਸ਼ਨ ਜਨਤਕ ਤੌਰ ’ਤੇ ਮੁਆਫੀ ਮੰਗਣ : ਸੁਪਰੀਮ ਕੋਰਟ

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਬਾਲਕ੍ਰਿਸ਼ਨ ਨੂੰ ‘ਐਲੋਪੈਥੀ ਨੂੰ ਨੀਵਾਂ ਵਿਖਾਉਣ’ ਦੀ ਕਿਸੇ ਵੀ ਕੋਸ਼ਿਸ਼ ਦੇ ਖਿਲਾਫ ਚਿਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਪਤੰਜਲੀ ਆਯੁਰਵੇਦ ਲਿਮਟਿਡ ਦੇ ਖਿਲਾਫ ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਮਾਣਹਾਨੀ ਕਾਰਵਾਈ ’ਚ ਇਕ ਹਫਤੇ ਦੇ ਅੰਦਰ ‘ਜਨਤਕ ਮੁਆਫੀ ਮੰਗਣ ਅਤੇ ਪਛਤਾਵਾ ਪ੍ਰਗਟਾਉਣ’ ਦੀ ਇਜਾਜ਼ਤ ਦਿੱਤੀ।

ਸੁਪਰੀਮ ਕੋਰਟ ਨੇ ਹਾਲਾਂਕਿ, ਇਹ ਵੀ ਸਪੱਸ਼ਟ ਕੀਤਾ ਕਿ ਉਹ ਅਜੇ ਉਨ੍ਹਾਂ ਨੂੰ ਇਸ ਪੜਾਅ ’ਤੇ ਰਾਹਤ ਨਹੀਂ ਦੇਣ ਜਾ ਰਹੀ ਹੈ। ਸੁਣਵਾਈ ਦੌਰਾਨ ਰਾਮਦੇਵ ਅਤੇ ਬਾਲਕ੍ਰਿਸ਼ਨ ਦੋਵੇਂ ਨਿੱਜੀ ਤੌਰ ’ਤੇ ਹਾਜ਼ਰ ਸਨ ਅਤੇ ਦੋਵਾਂ ਵੱਲੋਂ ਪੇਸ਼ ਹੋਏ ਵਕੀਲ ਨੇ ਬਿਨਾਂ ਸ਼ਰਤ ਮੁਆਫੀ ਮੰਗੀ ਅਤੇ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨੁੱਲਾਹ ਦੀ ਬੈਂਚ ਨੂੰ ਕਿਹਾ ਕਿ ਉਹ ‘ਪਛਤਾਵਾ ਪ੍ਰਗਟਾਉਣ ਲਈ ਜਨਤਕ ਤੌਰ ’ਤੇ ਮੁਆਫੀ ਮੰਗਣ’ ਲਈ ਤਿਆਰ ਹਨ।

ਬੈਂਚ ਨੇ ਦੋਵਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੂੰ ਕਿਹਾ, ‘‘ਇਸ਼ਤਿਹਾਰ ਰਾਹੀਂ ਤੁਹਾਨੂੰ ਜੋ ਕਰਨਾ ਹੈ, ਕਰੋ, ਅਸੀਂ ਇਸ ’ਤੇ ਕੋਈ ਟਿੱਪਣੀ ਨਹੀਂ ਕਰ ਰਹੇ ਹਾਂ ਪਰ ਇਸ ਸਮੇਂ ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਉਨ੍ਹਾਂ ਨੂੰ ਇਸ ਨਾਲ ਰਾਹਤ ਮਿਲ ਗਈ ਹੈ।’’ ਰੋਹਤਗੀ ਦੀ ਇਸ ਦਲੀਲ ਦਾ ਨੋਟਿਸ ਲੈਂਦਿਆਂ ਕਿ ‘ਪਛਤਾਵਾ ਪ੍ਰਗਟਾਉਣ ਲਈ, ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਇਕਪਾਸੜ ਕੁਝ ਕਦਮ ਉਠਾਉਣ ਦੀ ਤਜਵੀਜ਼ ਰੱਖੀ ਹੈ, ਬੈਂਚ ਨੇ ਉਨ੍ਹਾਂ ਨੂੰ ਇਕ ਹਫਤੇ ਦਾ ਸਮਾਂ ਦਿੱਤਾ ਅਤੇ ਮਾਮਲੇ ਦੀ ਸੁਣਵਾਈ ਲਈ 23 ਅਪ੍ਰੈਲ ਦੀ ਤਰੀਕ ਤੈਅ ਕੀਤੀ।


author

Rakesh

Content Editor

Related News