ਨਿਗਮ ਦੀ ਆਟੋ ਵਰਕਸ਼ਾਪ ਤੋਂ ਲੱਖਾਂ ਰੁਪਏ ਦਾ ਤੇਲ ਡਕਾਰਨ ਤੋਂ ਬਚਾਇਆ

06/22/2018 5:09:06 AM

 ਅੰਮ੍ਰਿਤਸਰ,   (ਵਡ਼ੈਚ)  ਨਗਰ ਨਿਗਮ ਦੀ ਵਰਕਸ਼ਾਪ ’ਚ ਤੇਲ ਦੀਆਂ ਹੋਣ ਵਾਲੀਆਂ ਧਾਂਦਲੀਆਂ ਤੋਂ ਹੌਲੀ-ਹੌਲੀ ਪਰਦਾ ਉਠਣਾ ਸ਼ੁਰੂ ਹੋ ਗਿਆ ਹੈ। ਦੇਖਣਾ ਇਹ ਹੈ ਕਿ ਕੀ ਹਰ ਮਹੀਨੇ ਲੱਖਾਂ ਦੀ ਹੇਰਾਫੇਰੀ ਕਰਨ ਵਾਲੇ ਚਿਹਰੇ ਜਗ-ਜ਼ਾਹਿਰ ਹੋਣਗੇ ਜਾਂ ਫਾਈਲਾਂ, ਸਿਫਾਰਸ਼ਾਂ ਤੇ ਮਿਲੀਭੁਗਤ ਨਾਲ ਨਾਂ ਦਬਾ ਦਿੱਤੇ ਜਾਣਗੇ। ਪਿਛਲੇ ਕਈ ਸਾਲਾਂ ਤੋਂ ਨਿਗਮ ਦੇ ਸਰਕਾਰੀ ਤੇਲ ’ਤੇ ਐਸ਼ ਕਰਨ ਵਾਲੇ ਚਿਹਰਿਆਂ ਨੂੰ ਸਾਹਮਣੇ ਆਉਣ ਲਈ ਮੇਅਰ ਤੇ ਕਮਿਸ਼ਨਰ ਵੱਲੋਂ ਨਿਰਪੱਖ ਜਾਂਚ ਦਾ ਹੋਣਾ ਜ਼ਰੂਰੀ ਹੈ। ਮੌਜੂਦਾ ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਸੋਨਾਲੀ ਗਿਰੀ, ਆਟੋ ਵਰਕਸ਼ਾਪ ਦੇ ਇੰਚਾਰਜ ਤੇ ਐੱਸ. ਈ. ਤਿਲਕ ਰਾਜ ਜੱਸਡ਼ ਦੇ ਸਫਲ ਉਦਮਾਂ ਸਦਕਾ ਮਈ ਤੇ ਜੂਨ ਮਹੀਨੇ ’ਚ ਤੇਲ ਦੀ ਬੱਚਤ ਕਰਦਿਆਂ ਲੱਖਾਂ ਰੁਪਏ ਬਚਾਏ ਜਾ ਚੁੱਕੇ ਹਨ।  ਮੈਡਮ ਕਮਿਸ਼ਨਰ ਤੇਲ ਦੀ ਕਾਲਾਬਾਜ਼ਾਰੀ ਦੀ ਰੋਕਥਾਮ ਸਬੰਧੀ ਪਿਛਲੇ ਕਰੀਬ 4 ਮਹੀਨਿਆਂ ਤੋਂ ਸਰਗਰਮ ਹਨ। ਮੇਅਰ ਰਿੰਟੂ ਦੀ ਮੰਨੀਏ ਤਾਂ ਮਈ ਮਹੀਨੇ ਵਿਚ ਵਰਕਸ਼ਾਪ ’ਤੇ ਪੂਰੀ ਨਜ਼ਰ ਰੱਖਦਿਅਾਂ ਤੇਲ ਨੂੰ ਬਚਾਅ ਕੇ 25 ਲੱਖ ਦਾ ਲਾਭ ਦਿੱਤਾ ਗਿਆ। ਉਨ੍ਹਾਂ ਮੁਤਾਬਕ ਤੇਲ ਨੂੰ ਬਚਾਉਂਦੇ ਹੋਏ ਜੂਨ ਮਹੀਨੇ ਵਿਚ ਘੱਟੋ-ਘੱਟ 35 ਲੱਖ ਰੁਪਏ ਨਿਗਮ ਦੇ ਬਚਾਏ ਜਾਣਗੇ। ਤੇਲ ਪਾਉਣ ਵਾਲੇ ਵਾਹਨਾਂ ਦਾ ਪੂਰਾ ਰਿਕਾਰਡ ਰੱਖਿਆ ਜਾ ਰਿਹਾ ਹੈ। ਸ਼ਹਿਰ ਤੋਂ ਬਾਹਰ ਜਾਣ ਵਾਲੇ ਵਾਹਨਾਂ ਵਿਚ ਤੇਲ ਪਾਉਣ ਤੋਂ ਪਹਿਲਾਂ ਉੱਚ ਅਧਿਕਾਰੀਆਂ ਦੀ ਸਹਿਮਤੀ ਦਾ ਹੋਣਾ ਵੀ ਲਾਜ਼ਮੀ ਹੈ। 
 ਬੰਦ ਕਮਰੇ ’ਚ ਫਡ਼ੇ ਸਨ ਖਾਲੀ ਡਰੰਮ 
 ਕਈ ਮਹੀਨਿਆਂ ਤੋਂ ਵਰਕਸ਼ਾਪ ’ਤੇ ਤੇਲ ਦੀ ਹੋਣ ਵਾਲੀ ਕਾਲਾਬਾਜ਼ਾਰੀ ਦੀਆਂ ਖਬਰਾਂ ਮਿਲਣ ਉਪਰੰਤ ਕਮਿਸ਼ਨਰ ਸੋਨਾਲੀ ਗਿਰੀ ਨੇ ਗੁਪਤ ਤਰੀਕੇ ਨਾਲ ਛਾਪੇਮਾਰੀ ਕਰਦਿਅਾਂ ਤਾਲਾ ਲੱਗੇ ਦਰਵਾਜ਼ੇ ਵਾਲੇ ਕਮਰੇ ’ਚੋਂ ਕਈ ਡਰੰਮ ਫਡ਼ੇ ਸਨ, ਜਿਥੇ ਨਸ਼ੇ ਦਾ ਸਾਮਾਨ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਬਰਾਮਦ ਹੋਣ ਉਪਰੰਤ ਪੁਲਸ ਨੂੰ ਸੂਚਿਤ ਕਰਦਿਅਾਂ ਮਾਮਲਾ ਦਰਜ ਕਰਵਾਇਆ ਗਿਆ ਸੀ। 
ਜੋ ਪੈਸੇ ਹੁਣ ਬਚਾਏ, ਪਹਿਲਾਂ ਕਿਥੇ ਜਾਂਦੇ ਸਨ 
 ਮੇਅਰ, ਕਮਿਸ਼ਨਰ ਅਤੇ ਵਰਕਸ਼ਾਪ ਇੰਚਾਰਜ ਵੱਲੋਂ ਪੂਰੀ ਸਖਤੀ ਅਤੇ ਕਾਗਜ਼ੀ ਕਾਰਵਾਈ ’ਤੇ ਪੱਕਾ ਹੁੰਦਿਅਾਂ ਨਿਗਮ ਦੇ ਆਟੋ ਵਰਕਸ਼ਾਪ ’ਚ ਲੱਗੇ ਪੈਟਰੋਲ ਪੰਪ ਤੋਂ ਲੱਖਾਂ ਰੁਪਏ ਦੀ ਸ਼ੁਰੂ ਹੋਈ ਬੱਚਤ ਦੀ ਖਬਰ ਪੰਜਾਬ ਕਾਂਗਰਸ ਦੇ ਆਗੂਆਂ ਦੇ ਕੰਨਾਂ ’ਚ ਵੀ ਪਹੁੰਚ ਗਈ ਹੈ, ਜਿਸ ਦੀ ਸ਼ਲਾਘਾ ਵੀ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਨੂੰ ਇਸ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ ਕਿ ਜੋ ਪੈਸੇ ਹੁਣ ਬਚਾਏ ਜਾ ਰਹੇ ਹਨ, ਉਹ ਪਹਿਲਾਂ ਕਿਥੇ ਜਾਂਦੇ ਸਨ।
 

 


Related News