ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 5 ਲੱਖ ਦੀ ਠੱਗੀ

Saturday, Sep 11, 2021 - 05:06 PM (IST)

ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 5 ਲੱਖ ਦੀ ਠੱਗੀ

ਨਵਾਂਸ਼ਹਿਰ (ਤ੍ਰਿਪਾਠੀ, ਜ.ਬ.) : ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 5 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ ਏਜੰਟ ਖ਼ਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸੰਦੀਪ ਸਿੰਘ ਪੁੱਤਰ ਬੂਟਾ ਰਾਮ ਵਾਸੀ ਪਿੰਡ ਚਿੱਤੋ ਥਾਣਾ ਚੱਬੇਵਾਲ (ਹੁਸ਼ਿਆਰਪੁਰ) ਨੇ ਦੱਸਿਆ ਕਿ ਉਸਦਾ ਇਕ ਦੋਸਤ ਆਸਟ੍ਰੇਲੀਆ ਗਿਆ ਹੋਇਆ ਹੈ, ਜਿਸਦੇ ਨਾਲ ਉਸਦੀ ਫੋਨ ’ਤੇ ਗੱਲ ਹੁੰਦੀ ਰਹਿੰਦੀ ਸੀ। ਜਿਸ ਨੇ ਦੱਸਿਆ ਕਿ ਉਸਨੂੰ ਆਸਟ੍ਰੇਲੀਆ ਭੇਜਣ ਦਾ ਕੰਮ ਏਜੰਟ ਵਿਜੈ ਕੁਮਾਰ ਵਾਸੀ ਬਾਗੋਵਾਲ ਨੇ ਬਣਾਇਆ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਜਾਣਕਾਰੀ ਤੋਂ ਬਾਅਦ ਉਹ ਉਕਤ ਏਜੰਟ ਵਿਜੈ ਕੁਮਾਰ ਨੂੰ ਕੰਗਣਾ ਪੁੱਲ ’ਤੇ ਮਿਲਿਆ, ਜਿਸ ਨਾਲ ਉਸਨੇ ਆਸਟ੍ਰੇਲੀਆ ਜਾਣ ਦਾ ਸੌਦਾ 18 ਲੱਖ ਰੁਪਏ ’ਚ ਤੈਅ ਕਰਕੇ ਉਸਨੂੰ 5 ਲੱਖ ਰੁਪਏ ਆਪਣੇ ਦੋਸਤ ਦੀ ਮੌਜੂਦਗੀ ਵਿਚ ਦਿੱਤੇ। ਉਕਤ ਏਜੰਟ ਨੇ ਉਸਨੂੰ ਜਲਦ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੰਦੇ ਹੋਏ ਦੱਸਿਆ ਕਿ ਬਾਕੀ ਰਕਮ ਵੀਜ਼ਾ ਲੱਗਣ ਉਪਰੰਤ ਦੇਣੀ ਹੋਵੇਗੀ। ਉਸਨੇ ਦੱਸਿਆ ਕਿ ਲੰਬਾ ਸਮਾਂ ਬੀਤ ਜਾਣ ’ਤੇ ਵੀ ਉਕਤ ਏਜੰਟ ਨੇ ਉਸਨੂੰ ਆਸਟ੍ਰੇਲੀਆ ਨਹੀਂ ਭੇਜਿਆ ਅਤੇ ਉਸ ਨਾਲ ਟਾਲ-ਮਟੋਲ ਕਰਨ ਲੱਗਾ।

ਬਾਅਦ ਵਿਚ ਉਪਰੋਕਤ ਏਜੰਟ ਨੇ ਉਸਨੂੰ ਆਸਟ੍ਰੇਲੀਆ ਦੀ ਥਾਂ ’ਤੇ ਕੈਨੇਡਾ 30 ਲੱਖ ਰੁਪਏ ’ਚ ਭੇਜਣ ਦਾ ਭਰੋਸਾ ਦਿੱਤਾ। ਉਸਨੇ ਦੱਸਿਆ ਕਿ ਉਸਦੀ ਰਕਮ ਉਸ ਕੋਲ ਫਸੀ ਹੋਈ ਸੀ, ਜਿਸ ’ਤੇ ਉਸਨੇ ਉਸ ਨੂੰ ਹਾਂ ਕਰ ਦਿੱਤੀ ਪਰ ਉਹ ਉਸਨੂੰ ਕੈਨੇਡਾ ਵੀ ਨਹੀਂ ਭੇਜ ਸਕਿਆ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਆਪਣੀ ਰਕਮ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. (ਸਥਾਨਕ) ਵੱਲੋਂ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਏਜੰਟ ਵਿਜੈ ਕੁਮਾਰ ਖ਼ਿਲਾਫ਼ ਧਾਰਾ 406,420 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ-2014 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News