ਭਰੇ ਮੇਲੇ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨਾਂ ਨੂੰ ਕਿਰਪਾਨਾਂ ਨਾਲ ਵੱਢਿਆ, ਚਾਰੇ ਪਾਸੇ ਖੂਨ ਹੀ ਖੂਨ ਖਿੱਲਰਿਆ
Saturday, Nov 18, 2023 - 12:49 PM (IST)
ਦੋਰਾਹਾ (ਵਿਨਾਇਕ) : ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਕੱਦੋਂ ਦੇ ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਆਯੋਜਿਤ ਸਾਲਾਨਾ ਮੇਲੇ 'ਚ ਮੱਥਾ ਟੇਕਣ ਲਈ ਪਰਿਵਾਰ ਸਮੇਤ ਆਏ 2 ਨੌਜਵਾਨਾਂ ’ਤੇ ਦਿਨ-ਦਿਹਾੜੇ ਦਰਜਨਾਂ ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ਦੇ ਸਿਰ ਅਤੇ ਲੱਤਾਂ 'ਤੇ ਕਿਰਪਾਨਾ ਅਤੇ ਬੇਸਵਾਲ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਇੱਕ ਨੌਜਵਾਨ ਲਹੂ-ਲੁਹਾਨ ਹੋ ਕੇ ਮੌਕੇ 'ਤੇ ਹੀ ਡਿੱਗ ਗਿਆ। ਹਮਲਾਵਰਾਂ ਨੇ ਉਸਦੀ ਕਾਰ ਦੀ ਵੀ ਭੰਨਤੋੜ ਕੀਤੀ ਅਤੇ ਕਾਰ ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਬਾਅਦ 'ਚ ਜ਼ਖ਼ਮੀਆਂ ਦੀ ਪਛਾਣ ਕਿਰਨਪ੍ਰੀਤ ਸਿੰਘ ਪੁੱਤਰ ਸਵ. ਬੰਤ ਸਿੰਘ ਵਾਸੀ ਪਿੰਡ ਸ਼ਾਹਪੁਰ ਥਾਣਾ ਪਾਇਲ, ਜ਼ਿਲ੍ਹਾ ਲੁਧਿਆਣਾ ਅਤੇ ਜਗਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਖੱਟ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ। ਦੋਰਾਹਾ ਪੁਲਸ ਨੇ ਇਸ ਘਟਨਾ ਸਬੰਧੀ ਜਖ਼ਮੀ ਕਿਰਨਪ੍ਰੀਤ ਸਿੰਘ ਦੀ ਮਾਤਾ ਭਿੰਦਰ ਕੌਰ ਵਾਸੀ ਪਿੰਡ ਸ਼ਾਹਪੁਰ ਦੇ ਬਿਆਨਾਂ ’ਤੇ ਮੁਲਜ਼ਮ ਗੁਰਸਿਮਰਨ ਸਿੰਘ ਉਰਫ਼ ਸਿੰਮਾ, ਜਸਪ੍ਰੀਤ ਸਿੰਘ ਉਰਫ਼ ਜੱਸਾ, ਗੁਰਪ੍ਰੀਤ ਸਿੰਘ ਉਰਫ਼ ਗੰਗਾ ਵਾਸੀ ਪਿੰਡ ਸ਼ਾਹਪੁਰ), ਪਰਦੀਪ ਸਿੰਘ (ਵਾਸੀ ਪਿੰਡ ਬੇਗੋਵਾਲ), ਜਸਵੀਰ ਸਿੰਘ ਉਰਫ਼ ਜੱਸੀ, ਹਰਵਿੰਦਰ ਸਿੰਘ ਉਰਫ਼ ਗਾਂਧੀ, ਮਨਜਿੰਦਰ ਸਿੰਘ ਉਰਫ਼ ਬਬਲਾ, ਗਗਨਾ, ਹੈਪੀ ਉਰਫ਼ ਰੂਟਰ (ਵਾਸੀ ਪਿੰਡ ਕੱਦੋਂ) ਅਤੇ ਹੋਰ ਅਣਪਛਾਤੇ ਮੁੰਡਿਆਂ ਖ਼ਿਲਾਫ਼ ਕੇਸ ਦਰਜ ਕਰਕੇ 6 ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਤਾ ਭਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਦੋ ਵੱਡੇ ਪੁੱਤਰ ਇਟਲੀ 'ਚ ਰਹਿੰਦੇ ਹਨ ਅਤੇ ਛੋਟਾ ਪੁੱਤਰ ਕਿਰਨਪ੍ਰੀਤ ਸਿੰਘ (32) ਵਿਆਹੁਤਾ ਹੈ ਅਤੇ ਪਿਛਲੇ 6 ਮਹੀਨਿਆਂ ਤੋਂ ਉਹ ਪਰਿਵਾਰ ਸਮੇਤ ਮੋਰਿੰਡਾ ਵਿੱਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ। ਗੁਰਦੁਆਰਾ ਸਿੱਧਸਰ ਸਾਹਿਬ ਪਿੰਡ ਕੱਦੋਂ ਵਿਖੇ ਆਯੋਜਿਤ ਸਾਲਾਨਾ ਮੇਲੇ ਦੌਰਾਨ ਜਦੋਂ ਉਹ ਪਰਿਵਾਰ ਸਮੇਤ ਮੱਥਾ ਟੇਕਣ ਲਈ ਪੁੱਜੇ ਅਤੇ ਗੁਰਦੁਆਰਾ ਸਾਹਿਬ ਦੇ ਅੱਖਾਂ ਦੇ ਹਸਪਤਾਲ ਸਾਹਮਣੇ ਆਪਣੀ ਕਾਰ ਖੜ੍ਹੀ ਕਰਕੇ ਅਜੇ ਕਾਰ ਵਿਚੋਂ ਬਾਹਰ ਹੀ ਨਿਕਲ ਰਹੇ ਸਨ ਤਾਂ ਹਮਲਾਵਰਾਂ ਨੇ ਉੱਥੇ ਪਹਿਲਾਂ ਤੋਂ ਖੜ੍ਹੀ ਕਾਰ 'ਚੋਂ ਕਿਰਪਾਨਾ ਅਤੇ ਬੇਸਵਾਲ ਬਾਹਰ ਕੱਢ ਕੇ ਉਸ ਦੇ ਪੁੱਤਰ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਇਸ ਹਮਲੇ 'ਚ ਉਸ ਦਾ ਪੁੱਤਰ ਕਿਰਨਪ੍ਰੀਤ ਸਿੰਘ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਡਿੱਗਣ ਦੇ ਬਾਵਜੂਦ ਹਮਲਾਵਰ ਹੈਵਾਨੀਅਤ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਬੇਰਹਿਮੀ ਨਾਲ ਕੁੱਟਮਾਰ ਕਰਦੇ ਰਹੇ। ਇਸ ਦੌਰਾਨ ਜਦੋਂ ਉਸ ਦੇ ਦੋਹਤੇ ਜਗਦੀਪ ਸਿੰਘ ਨੇ ਦੌੜ ਕੇ ਖੂਨ ਨਾਲ ਲੱਥਪੱਥ ਕਿਰਨਪ੍ਰੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ।
ਇਸ ਹਮਲੇ 'ਚ ਚਾਰੇ ਪਾਸੇ ਖੂਨ ਹੀ ਖੂਨ ਖਿੱਲਰਿਆ ਪਿਆ ਸੀ ਪਰ ਮੇਲੇ 'ਚ ਮੌਜੂਦ ਸ਼ਰਧਾਲੂਆਂ ਨੇ ਜ਼ਖਮੀਆਂ ਨੂੰ ਹਮਲਾਵਰਾਂ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬਾਅਦ 'ਚ ਜਦੋਂ ਪਰਿਵਾਰ ਵਾਲਿਆਂ ਨੇ ਰੌਲਾ ਪਾਇਆ ਤਾਂ ਲੋਕਾਂ ਦਾ ਇਕੱਠਾ ਹੁੰਦਾ ਦੇਖ ਕੇ ਮੁਲਜ਼ਮ ਹਥਿਆਰਾਂ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਆਪਣੀਆਂ ਗੱਡੀਆਂ 'ਚ ਫ਼ਰਾਰ ਹੋ ਗਏ। ਇਸ ਹਮਲੇ ਤੋਂ ਬਾਅਦ ਉਸਦੇ ਪੁੱਤਰ ਕਿਰਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਸਿਵਲ ਹਸਪਤਾਲ ਪਾਇਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਪਰ ਕਿਰਨਪ੍ਰੀਤ ਸਿੰਘ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਮਾਤਾ ਭਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਦੀ ਵਜ਼ਾ ਰੰਜਿਸ਼ ਇਹ ਹੈ ਕਿ ਹਮਲਾਵਰ ਉਸ ਦੇ ਪੁੱਤਰ ਨੂੰ ਅਨੇਕਾਂ ਵਾਰ ਧਮਕੀਆਂ ਦੇ ਚੁੱਕੇ ਹਨ ਅਤੇ ਡਰਾਉਣ-ਧਮਕਾਉਣ ਲਈ ਉਨ੍ਹਾਂ ਦੇ ਘਰ ਅੱਗੇ ਚੱਕਰ ਵੀ ਲਗਾਉਂਦੇ ਰਹਿੰਦੇ ਸਨ, ਜਿਸ ਕਾਰਨ ਹੀ ਉਹ ਮੋਰਿੰਡਾ ਵਿਖੇ ਕਿਰਾਏ ਦੇ ਮਕਾਨ 'ਚ ਰਹਿਣ ਲਗੇ ਸਨ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਦੋਰਾਹਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਪੁਲਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8