ਗੁਰੂਹਰਸਹਾਏ ਸ਼ਹਿਰ ਦੀਆ ਸਾਰੀਆਂ ਸਟਰੀਟ ਲਾਈਟਾਂ ਬੰਦ, ਹਰ ਪਾਸੇ ਹਨ੍ਹੇਰਾ ਹੀ ਹਨ੍ਹੇਰਾ

Tuesday, Feb 10, 2026 - 05:24 PM (IST)

ਗੁਰੂਹਰਸਹਾਏ ਸ਼ਹਿਰ ਦੀਆ ਸਾਰੀਆਂ ਸਟਰੀਟ ਲਾਈਟਾਂ ਬੰਦ, ਹਰ ਪਾਸੇ ਹਨ੍ਹੇਰਾ ਹੀ ਹਨ੍ਹੇਰਾ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ  ਬੰਦ ਪਈਆਂ ਹਨ ਅਤੇ ਰਾਤ ਨੂੰ ਸ਼ਹਿਰ ਅੰਦਰ ਕਾਫੀ ਹਨ੍ਹੇਰਾ ਹੋ ਜਾਂਦਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸ਼ਹਿਰ ਅੰਦਰ ਬਲੈਕਆਊਟ ਹੋ ਗਿਆ ਹੋਵੇ ਅਤੇ ਲੋਕ ਰਾਤ ਨੂੰ ਬਾਹਰ ਨਿਕਲਣ ਤੋਂ ਡਰਦੇ ਹਨ। ਸ਼ਹਿਰ ਦੀ ਫਰੀਦਕੋਟ ਰੋਡ, ਮੁਕਤਸਰ ਰੋਡ, ਮੇਨ ਬਾਜ਼ਾਰ, ਪੁਰਾਣਾ ਮਾਲ ਗੋਦਾਮ ਗੇਟ, ਰੇਲਵੇ ਪੁਲ, ਵਿਸ਼ਕਰਮਾ ਚੌਂਕ ਅਤੇ ਹੋਰ ਕਈ ਕਾਲੋਨੀਆਂ 'ਚ ਸਟਰੀਟ ਲਾਈਟਾਂ ਬੰਦ ਹੋਣ ਕਾਰਨ ਸ਼ਹਿਰ ਹਨ੍ਹੇਰੇ 'ਚ ਡੁੱਬਿਆ ਪਿਆ ਹੈ ਅਤੇ ਲੋਕ ਰੌਸ਼ਨੀ ਨੂੰ ਤਰਸ ਗਏ ਹਨ। ਹੁਣ ਸ਼ਹਿਰ ਵਾਸੀ ਇਹ ਗੱਲ ਕਹਿ ਰਹੇ ਹਨ ਕਿ ਸਾਡੇ ਵਾਰ-ਵਾਰ ਕਹਿਣ 'ਤੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਖ਼ਬਰਾਂ ਲੱਗਣ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ, ਜੋ ਕਿ ਨਾਲਾਇਕੀ ਦਾ ਸਬੂਤ ਹੈ। ਗਰੀਨ ਐਵੀਨਿਊ ਕਾਲੋਨੀ ਅਤੇ ਵਿਸ਼ਕਰਮਾ ਚੌਂਕ ਦੇ ਨਾਲ ਸਥਿਤ ਕਾਲੋਨੀ 'ਚ ਰਹਿੰਦੇ ਲੋਕ ਰਾਤ ਨੂੰ ਸੈਰ ਕਰਦੇ ਹਨ।

ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਕਾਲੋਨੀ 'ਚ ਪਿਛਲੇ ਲੰਬੇ ਸਮੇਂ ਤੋਂ ਸਾਰੀਆਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਅਤੇ ਗਲੀਆਂ 'ਚ ਬਹੁਤ ਹੀ ਜ਼ਿਆਦਾ ਹਨ੍ਹੇਰਾ ਹੈ, ਜਿਸ ਕਾਰਨ ਉਨ੍ਹਾਂ ਨੂੰ ਰਾਤ ਨੂੰ ਸੈਰ ਕਰਨ ਤੋਂ ਡਰ ਲੱਗਦਾ ਹੈ ਕਿ ਕਿਤੇ ਕੋਈ ਅਣਹੋਣੀ ਘਟਨਾ ਨਾ ਵਾਪਰ ਜਾਵੇ। ਸ਼ਹਿਰ ਵਾਸੀਆਂ ਨੇ ਰੋਸ ਜਤਾਇਆ ਅਤੇ ਕਿਹਾ ਕਿ ਅਸੀਂ 'ਆਪ' ਪਾਰਟੀ ਦੇ ਉਮੀਦਵਾਰ ਫੌਜਾ ਸਿੰਘ ਸਰਾਰੀ ਨੂੰ ਵੋਟਾਂ ਪਾਈਆਂ ਅਤੇ ਉਸ ਨੂੰ ਜਿਤਾ ਕੇ ਵਿਧਾਇਕ ਬਣਾਇਆ ਪਰ ਉਹ ਸ਼ਹਿਰ ਵਾਸੀਆਂ ਦੇ ਕੋਈ ਕੰਮ ਨਾ ਆਇਆ। ਉਨ੍ਹਾਂ ਕਿਹਾ ਕਿ ਕਮੇਟੀ ਘਰ 'ਚ ਜਿੰਨੇ ਵੀ ਐੱਮ. ਸੀ., ਪ੍ਰਧਾਨ ਜਾਂ ਮੁਲਾਜ਼ਮ ਬੈਠੇ ਹਨ, ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇ ਜਾਣਾ ਚਾਹੀਦਾ ਹੈ ਕਿਉਂਕਿ ਨਾ ਤਾਂ ਉਨ੍ਹਾਂ ਨੇ ਕੋਈ ਕੰਮ ਕੀਤਾ ਹੈ ਅਤੇ ਨਾ ਹੀ ਕਰਨਾ ਹੈ।

ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਫਰੀਦਕੋਟ ਰੋਡ ਅਤੇ ਚੌਰਾਹੇ ਵਿੱਚ ਛੋਟਾ ਜਿਹਾ ਬਾਬਾ ਵਿਸ਼ਵਕਰਮਾ ਜੀ ਚੌਂਕ ਬਣਿਆ ਹੋਇਆ ਹੈ ਅਤੇ ਜ਼ਿਆਦਾ ਹਨ੍ਹੇਰਾ ਹੋਣ ਕਰਕੇ ਇਹ ਨਜ਼ਰ ਨਹੀਂ ਆਉਂਦਾ। ਨਜ਼ਦੀਕ ਆ ਕੇ ਇਹ ਚੌਂਕ ਨਜ਼ਰ ਆਉਂਦਾ ਹੈ ਅਤੇ ਇਸ ਰੋਡ 'ਤੇ ਬਹੁਤ ਹੀ ਜ਼ਿਆਦਾ ਵਾਹਨਾਂ ਦੀ ਆਵਾਜਾਈ ਹੋਣ ਕਰਕੇ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਗਲੀਆਂ 'ਚ ਜ਼ਿਆਦਾ ਹਨ੍ਹੇਰਾ ਹੋਣ ਕਰਕੇ ਕਈ ਲੋਕਾਂ ਨੂੰ ਆਪਣੇ ਘਰ ਦੀਆਂ ਲਾਈਟਾਂ ਸਾਰੀ ਰਾਤ ਜਗਾਉਣੀਆਂ ਪੈਂਦੀਆਂ ਹਨ ਤਾਂ ਜੋ ਗਲੀ 'ਚ ਰੌਸ਼ਨੀ ਰਹਿ ਸਕੇ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਜਲਦੀ ਚਲਾਇਆ ਜਾਵੇ ਤਾਂ ਜੋ ਸ਼ਹਿਰ ਵਾਸੀ ਹਨ੍ਹੇਰੇ 'ਚੋਂ ਨਿਕਲ ਕੇ ਰੌਸ਼ਨੀ 'ਚ ਆਨੰਦਮਈ ਜੀਵਨ ਜੀਅ ਸਕਣ।

ਇੱਥੇ ਇਹ ਗੱਲ ਦੱਸਣਯੋਗ ਹੈ ਕਿ ਕਮੇਟੀ ਘਰ ਵੱਲੋਂ ਜਿਹੜਾ ਵਿਅਕਤੀ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਨੂੰ ਠੀਕ ਕਰਦਾ ਸੀ ਅਤੇ ਸ਼ਾਮ ਨੂੰ ਹਨ੍ਹੇਰਾ ਹੋਣ ਵੇਲੇ ਸਵਿੱਚ ਲਗਾ ਕੇ ਸਾਰੇ ਸ਼ਹਿਰ ਦੀਆਂ ਲਾਈਟਾਂ ਚਲਾਉਂਦਾ ਸੀ, ਨੂੰ ਕਿਸੇ ਕਾਰਨ ਕਰਕੇ ਹਟਾ ਦਿੱਤਾ ਗਿਆ, ਜਿਸ ਕਾਰਨ ਸਵਿੱਚ ਲਗਾ ਕੇ ਲਾਈਟਾਂ ਨੂੰ ਚਲਾਉਣ ਵਾਲਾ ਕੋਈ ਵੀ ਬੰਦਾ ਕਮੇਟੀ ਘਰ ਕੋਲ ਨਹੀਂ ਹੈ। ਇਸ ਕਾਰਨ ਸ਼ਹਿਰ ਹਨ੍ਹੇਰੇ 'ਚ ਡੁੱਬਿਆ ਪਿਆ ਹੈ। ਲੋਕ ਪ੍ਰਸ਼ਾਸਨ ਤੋਂ ਇਹ ਸਵਾਲ ਪੁੱਛ ਰਹੇ ਹਨ ਕਿ ਜੇਕਰ ਇਸ ਵਿਅਕਤੀ ਨੂੰ ਹਟਾਉਣਾ ਸੀ ਤਾਂ ਪਹਿਲਾਂ ਬੰਦਾ ਰੱਖਦੇ, ਫਿਰ ਇਸ ਨੂੰ ਹਟਾ ਦਿੰਦੇ ਤਾਂ ਜੋ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਜਗਦੀਆਂ ਰਹਿੰਦੀਆਂ ਅਤੇ ਸਾਨੂੰ ਸਭ ਨੂੰ ਇਸ ਤਰ੍ਹਾਂ ਹਨ੍ਹੇਰੇ 'ਚ ਜ਼ਿੰਦਗੀ ਬਤੀਤ ਨਾ ਕਰਨੀ ਪੈਂਦੀ।


author

Babita

Content Editor

Related News