ਬਿਜਲੀ ਸਪਲਾਈ ਠੀਕ ਕਰਨ ਗਏ ਪਾਵਰਕਾਮ ਮੁਲਾਜ਼ਮਾਂ ''ਤੇ ਹਮਲਾ!
Friday, Jun 19, 2026 - 02:18 PM (IST)
ਲੁਧਿਆਣਾ (ਖ਼ੁਰਾਨਾ): ਸਥਾਨਕ ਡਾਬਾ ਇਲਾਕੇ ਵਿਚ ਸ਼ਿਕਾਇਤ ਦੇ ਅਧਾਰ 'ਤੇ ਬਿਜਲੀ ਦੀ ਸਪਾਲੀ ਠੀਕ ਕਰਨ ਪਹੁੰਚੇ ਪਾਵਰਕਾਮ ਮੁਲਾਜ਼ਮਾਂ ਦੀ ਟੀਮ 'ਤੇ 10 ਤੋਂ 12 ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਪਾਵਰਕਾਮ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਨੌਜਵਾਨ ਨਸ਼ੇ ਵਿਚ ਟੁੰਨ ਸੀ। ਥਾਣਾ ਡਾਬਾ ਦੀ ਪੁਲਸ ਵੱਲੋਂ ਸ਼ਿਕਾਇਤ ਦੇ ਅਧਾਰ 'ਤੇ ਮੁਲਜ਼ਮਾਂ ਦੇ ਖ਼ਿਲਾਫ਼ 10 ਦਿਨ ਬਾਅਦ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਡਾਬਾ ਇਲਾਕੇ ਦੇ ਗਿਆਨ ਚੰਦ ਨਗਰ ਵਿਚ ਬਿਜਲੀ ਦੀ ਤਕਨੀਕੀ ਖ਼ਰਾਬੀ ਨੂੰ ਠੀਕ ਕਰ ਰਹੇ ਪਾਵਰਕਾਮ ਦੇ 2 ਮੁਲਜ਼ਮਾਂ 'ਤੇ ਕੁਝ ਲੋਕਾਂ ਵੱਲੋਂ ਬਹਿਸਬਾਜ਼ੀ ਕਰਨ ਮਗਰੋਂ ਹਮਲਾ ਬੋਲ ਦਿੱਤਾ ਗਿਆ। ਮੁਲਾਜ਼ਮਾਂ ਨੇ ਦਾਅਵਾ ਕੀਤਾ ਹੈ ਕਿ ਉਕਤ ਸਾਰੇ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਚੂਰ ਸੀ। ਉਨ੍ਹਾਂ ਨੇ ਪਹਿਲਾਂ ਬਿਜਲੀ ਠੀਕ ਕਰ ਰਹੇ ਮੁਲਾਜ਼ਮਾਂ ਦੇ ਨਾਲ ਬਹਿਸਬਾਜ਼ੀ ਕੀਤੀ ਤੇ ਫ਼ਿਰ ਆਪਣੇ ਕੁਝ ਸਾਥੀਆਂ ਨੂੰ ਬੁਲਾ ਕੇ ਮੁਲਾਜ਼ਮਾਂ ਨੂੰ ਘੇਰ ਲਿਆ ਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਪਾਵਰਕਾਮ ਮੁਲਾਜ਼ਮਾਂ ਵੱਲੋਂ ਇਸ ਸਬੰਧੀ ਥਾਣਾ ਡਾਬਾ ਦੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
