ਪਾਵਰਕਾਮ ਨੇ ਬੰਦ ਕੀਤੀਆਂ ਸਾਰੇ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ! ਖੱਜਲ-ਖੁਆਰ ਹੋਏ ਲੋਕ

Thursday, Jun 11, 2026 - 12:31 PM (IST)

ਪਾਵਰਕਾਮ ਨੇ ਬੰਦ ਕੀਤੀਆਂ ਸਾਰੇ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ! ਖੱਜਲ-ਖੁਆਰ ਹੋਏ ਲੋਕ

ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੀ ਲਾਪ੍ਰਵਾਹੀ ਕਾਰਨ ਬੁੱਧਵਾਰ ਸ਼ਾਮ ਨੂੰ ਸ਼ਹਿਰ ’ਚ ਹਨੇਰਾ ਛਾ ਗਿਆ। ਇਹ ਮਾਮਲਾ ਪਾਵਰਕਾਮ ਵੱਲੋਂ ਸਰਕਾਰੀ ਵਿਭਾਗਾਂ ’ਤੇ ਲਾਈ ਗਈ ਬਿਜਲੀ ਦੇ ਪ੍ਰੀਪੇਡ ਮੀਟਰ ਲਾਉਣ ਦੀ ਸ਼ਰਤ ਨਾਲ ਜੁੜਿਆ ਹੋਇਆ ਹੈ। ਇਸ ਸ਼ਰਤ ਤਹਿਤ ਸਰਕਾਰੀ ਵਿਭਾਗਾਂ ਨੂੰ ਬਿਜਲੀ ਚਲਾਉਣ ਲਈ ਪ੍ਰੀਪੇਡ ਮੀਟਰ ਦੀ ਐਡਵਾਂਸ ਪੇਮੈਂਟ ਜਮ੍ਹਾ ਕਰਵਾਉਣੀ ਹੋਵੇਗੀ ਪਰ ਨਗਰ ਨਿਗਮ ਦੀ ਲਾਈਟ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਇਸ ਸ਼ਰਤ ਨੂੰ ਸਮੇਂ ਸਿਰ ਲਾਗੂ ਨਹੀਂ ਕੀਤਾ ਗਿਆ। ਇਸੇ ਚੱਕਰ ’ਚ ਪਾਵਰਕਾਮ ਵੱਲੋਂ ਬੁੱਧਵਾਰ ਸ਼ਾਮ ਨੂੰ ਸਟ੍ਰੀਟ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਪੂਰੀ ਤਰ੍ਹਾਂ ਹਨੇਰਾ ਛਾ ਗਿਆ।

ਇਸ ਮੁੱਦੇ ’ਤੇ ਕੌਂਸਲਰ ਅਰੁਣ ਸ਼ਰਮਾ ਅਤੇ ਇੰਦਰ ਅਗਰਵਾਲ ਵੱਲੋਂ ਫੇਸਬੁੱਕ ਲਾਈਵ ਦੇ ਜ਼ਰੀਏ ਨਗਰ ਨਿਗਮ ਦੇ ਅਧਿਕਾਰੀਆਂ ’ਤੇ ਤਿੱਖੀ ਭੜਾਸ ਕੱਢੀ ਗਈ। ਹਾਲਾਂਕਿ ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ’ਤੇ ਚੁੰਗੀ ਦੇ ਬਦਲੇ ਮਿਲਣ ਵਾਲੇ ਚਾਰਜ ਨੂੰ ਬਿਜਲੀ ਬਿੱਲ ਦੇ ਨਾਲ ਐਡਜਸਟ ਕੀਤਾ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਪ੍ਰੀਪੇਡ ਮੀਟਰ ਦੀ ਸ਼ਰਤ ਤੋਂ ਛੋਟ ਮਿਲਣੀ ਚਾਹੀਦੀ ਹੈ ਪਰ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਇਹ ਸਿਸਟਮ ਲਾਗੂ ਕਰਵਾਉਣ ਲਈ ਪਾਵਰਕਾਮ ਨਾਲ ਤਾਲਮੇਲ ਕਰਨ ਦਾ ਕੋਈ ਜਵਾਬ ਨਹੀਂ ਹੈ, ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਕੰਪਨੀ ਕੋਲ ਹੈ ਆਪ੍ਰੇਸ਼ਨ ਐਂਡ ਮੇਨਟੀਨੈਂਸ

ਨਗਰ ਨਿਗਮ ਵੱਲੋਂ ਸਮਾਰਟ ਸਿਟੀ ਮਿਸ਼ਨ ਤਹਿਤ ਸੋਡੀਅਮ ਦੀ ਜਗ੍ਹਾ ਐੱਲ. ਈ. ਡੀ. ਸਟ੍ਰੀਟ ਲਾਈਟ ਲਾਉਣ ਵਾਲੀ ਕੰਪਨੀ ਨੂੰ ਹੀ ਆਪ੍ਰੇਸ਼ਨ ਐਂਡ ਮੇਨਟੀਨੈਂਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਨਗਰ ਨਿਗਮ ਦੇ ਅਧਿਕਾਰੀਆਂ ਵਾਂਗ ਹੀ ਕੰਪਨੀ ਨੇ ਵੀ ਪਾਵਰਕਾਮ ਵੱਲੋਂ ਸਰਕਾਰੀ ਵਿਭਾਗਾਂ ’ਤੇ ਲਾਈ ਗਈ ਪ੍ਰੀਪੇਡ ਮੀਟਰ ਦੀ ਸ਼ਰਤ ਦੇ ਮੱਦੇਨਜ਼ਰ ਪਹਿਲਾਂ ਤੋਂ ਕੋਈ ਬਦਲਵਾਂ ਇੰਤਜ਼ਾਮ ਲਾਗੂ ਨਹੀਂ ਕੀਤਾ। ਹੁਣ ਕੰਪਨੀ ਨੇ ਸਾਰਾ ਭਾਂਡਾ ਨਗਰ ਨਿਗਮ ਦੇ ਅਧਿਕਾਰੀਆਂ ਸਿਰ ਭੰਨ ਦਿੱਤਾ ਹੈ।

ਪਹਿਲਾਂ ਟਿਊਬਵੈੱਲ ਵੀ ਹੋ ਚੁੱਕੇ ਹਨ ਬੰਦ

ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਪਾਵਰਕਾਮ ਵੱਲੋਂ ਸਰਕਾਰੀ ਵਿਭਾਗਾਂ ’ਤੇ ਲਾਈ ਗਈ ਪ੍ਰੀਪੇਡ ਮੀਟਰ ਦੀ ਸ਼ਰਤ ਨੂੰ ਲੈ ਕੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰੀਪੇਡ ਮੀਟਰ ’ਚ ਐਡਵਾਂਸ ਪੇਮੈਂਟ ਜਮ੍ਹਾਂ ਨਾ ਹੋਣ ਦੀ ਵਜ੍ਹਾ ਕਰਕੇ ਸਟ੍ਰੀਟ ਲਾਈਟਾਂ ਵਾਂਗ ਟਿਊਬਵੈੱਲ ਵੀ ਬੰਦ ਹੋ ਚੁੱਕੇ ਹਨ। ਇਸ ਮਾਮਲੇ ’ਚ ਨਗਰ ਨਿਗਮ ਵੱਲੋਂ ਸਰਕਾਰ ਦੇ ਉਸ ਫ਼ੈਸਲੇ ਦਾ ਹਵਾਲਾ ਦਿੱਤਾ ਗਿਆ, ਜਿਸ ’ਚ ਪਾਣੀ-ਸੀਵਰੇਜ ਦੇ ਬਿੱਲਾਂ ਦੀ ਮੁਆਫ਼ੀ ਦੇ ਬਦਲੇ ’ਚ ਟਿਊਬਵੈੱਲ ਦੀ ਬਿਜਲੀ ਦੇ ਬਿੱਲ ਦੀ ਅਦਾਇਗੀ ਨਗਰ ਨਿਗਮ ਦੀ ਜਗ੍ਹਾ ਵਿੱਤ ਵਿਭਾਗ ਵੱਲੋਂ ਕੀਤੀ ਜਾਣੀ ਹੈ।


author

Anmol Tagra

Content Editor

Related News