ਪੰਜਾਬ ਦੇ ਮੁਲਾਜ਼ਮਾਂ ਨੇ ਕਰ ''ਤਾ ਵੱਡਾ ਐਲਾਨ, 13 ਜੂਨ ਲਈ ਦਿੱਤਾ ਅਲਟੀਮੇਟਮ, ਪੜ੍ਹੋ ਕੀ ਹੈ ਕਾਰਨ

Monday, Jun 08, 2026 - 09:29 AM (IST)

ਪੰਜਾਬ ਦੇ ਮੁਲਾਜ਼ਮਾਂ ਨੇ ਕਰ ''ਤਾ ਵੱਡਾ ਐਲਾਨ, 13 ਜੂਨ ਲਈ ਦਿੱਤਾ ਅਲਟੀਮੇਟਮ, ਪੜ੍ਹੋ ਕੀ ਹੈ ਕਾਰਨ

ਲੁਧਿਆਣਾ (ਵਿੱਕੀ) : ਪੰਜਾਬ ਦੇ ਮੁਲਾਜ਼ਮਾਂ ਨੇ 13 ਜੂਨ ਲਈ ਵੱਡਾ ਐਲਾਨ ਕੀਤਾ ਹੈ। ਦਰਅਸਲ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਪੱਧਰੀ ਆਨਲਾਈਨ ਵਰਚੁਅਲ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਤੇ ਸੂਬਾ ਜਨਰਲ ਸਕੱਤਰ ਤਰਸੇਮ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ 3 ਜੂਨ ਨੂੰ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਨਾਲ ਹੋਈ ਮੀਟਿੰਗ ਹਾਂ ਪੱਖੀ ਰਹੀ ਸੀ ਤੇ ਸਰਕਾਰ ਵੱਲੋਂ ਮੀਟਿੰਗ ਦੀ ਕਾਰਵਾਈ ਰਿਪੋਰਟ 48 ਘੰਟਿਆਂ 'ਚ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਮਿੱਥੇ ਸਮੇਂ 'ਚ ਰਿਪੋਰਟ ਜਾਰੀ ਨਾ ਹੋਣ ਤੋਂ ਬਾਅਦ ਮੀਟਿੰਗ ਵਿਚ ਸ਼ਾਮਲ ਆਗੂਆਂ ਨੇ ਸ਼ੱਕ ਪ੍ਰਗਟਾਇਆ ਕਿ ਸਰਕਾਰ ਕਿਤੇ ਸਮਾਂ ਲੰਘਾਉਣ ਦੀ ਨੀਤੀ ਤਾਂ ਨਹੀਂ ਅਪਣਾ ਰਹੀ?

ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਚਿਤਾਵਨੀ! ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ

ਲੀਡਰਸ਼ਿਪ ਦਾ ਕਹਿਣਾ ਕਿ ਮੌਜੂਦਾ ਸਰਕਾਰ ਦੇ ਪਿਛਲੇ ਸਾਢੇ 4 ਸਾਲਾਂ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਕੋਈ ਪ੍ਰਗਤੀ ਨਹੀਂ ਹੋਈ ਹੈ, ਜਿਸ ਕਾਰਨ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਨੂੰ ਤੁਰੰਤ ਇੱਕ ਨੋਟਿਸ ਜਾਰੀ ਕੀਤਾ ਜਾਵੇ ਅਤੇ ਫ਼ੈਸਲਿਆਂ ਸਬੰਧੀ ਜੱਥੇਬੰਦੀ ਵੱਲੋਂ ਖ਼ੁਦ ਕਾਰਵਾਈ ਰਿਪੋਰਟ ਤਿਆਰ ਕਰ ਕੇ ਜਾਰੀ ਕੀਤੀ ਜਾਵੇ। ਨੋਟਿਸ ਰਾਹੀਂ ਸਰਕਾਰ ਨੂੰ ਲਿਖਿਆ ਜਾਵੇ ਕਿ ਉਹ ਮੀਟਿੰਗ 'ਚ ਫ਼ੈਸਲਿਆਂ ਮੁਤਾਬਕ 12 ਜੂਨ ਤੱਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲਾਗੂ ਕਰੇ ਨਹੀਂ ਤਾਂ 13 ਜੂਨ ਨੂੰ ਅਗਲੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ 'ਚ ਵਿਚਾਰਿਆ ਗਿਆ ਕਿ ਪੰਜਾਬ ਸਿਵਲ ਸਕੱਤਰੇਤ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਚੰਡੀਗੜ੍ਹ ਦੇ ਆਗੂਆਂ ਨਾਲ ਚੰਡੀਗੜ੍ਹ ਵਿਚ ਸੰਖੇਪ ਮੁਲਾਕਾਤ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 'ਮਹਾ-ਬੰਦ' ਵਰਗੇ ਐਕਸ਼ਨ ਲਈ ਇੱਕਜੁੱਟ ਹੋਣ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਲੋਕਾਂ ਨੂੰ ਵੱਡੀ ਰਾਹਤ! ਪੰਜਾਬ-ਹਰਿਆਣਾ ਹਾਈਕੋਰਟ ਨੇ ਸੁਣਾਇਆ ਸਖ਼ਤ ਫ਼ੈਸਲਾ

ਫ਼ੈਸਲਾ ਲਿਆ ਗਿਆ ਕਿ ਸਿਰਫ 6 ਜਾਂ 7 ਸਾਂਝੀਆਂ ਮੰਗਾਂ ’ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਜੱਥੇਬੰਦੀਆਂ, ਮੰਚਾਂ ਤੇ ਫਰੰਟਾਂ ਦਾ ਮਹਾ-ਗੱਠਜੋੜ ਕਾਇਮ ਕਰ ਕੇ ਸਰਕਾਰ ਦੀ ਹਰ ਤਰ੍ਹਾਂ ਦੀ ਮਸ਼ੀਨਰੀ ਤੇ ਕੰਮਕਾਜ ਦਾ 'ਮਹਾ-ਬੰਦ' ਕਰਨ ਦਾ ਸਾਂਝਾ ਐਕਸ਼ਨ ਪ੍ਰੋਗਰਾਮ ਤਿਆਰ ਕੀਤਾ ਜਾਵੇ। ਇਸ ਦੇ ਨਾਲ ਹੀ ਜੱਥੇਬੰਦੀ ਨੇ ਪਿਛਲੇ ਦਿਨੀਂ ਪਟਿਆਲਾ ਵਿਚ ਸਹਾਇਕ ਲਾਈਨਮੈਨਾਂ ਦੇ ਸੰਘਰਸ਼ ਦੌਰਾਨ ਉਨ੍ਹਾਂ 'ਤੇ ਹੋਏ ਪੁਲਸ ਤਸ਼ੱਦਦ ਤੇ ਸੁਨਾਮ 'ਚ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ 'ਤੇ ਕੀਤੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਜੱਥੇਬੰਦੀ ਨੇ ਮੰਗ ਕੀਤੀ ਕਿ ਸਬੰਧਿਤ ਪੁਲਸ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਜਥੇਬੰਦੀ ਪਟਿਆਲਾ ਵਿੱਚ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News