ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਿਓ-ਪੁੱਤਰ ਤੇ ਭਰਜਾਈ ਜ਼ਖਮੀ

Saturday, Dec 07, 2024 - 05:14 PM (IST)

ਅਬੋਹਰ (ਸੁਨੀਲ) : ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਕੇਰਾਖੇੜਾ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਗੁਆਂਢੀ ਖੇਤ ਮਾਲਕਾਂ ਨੇ ਇਕ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਜ਼ਖਮੀਆਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਮਦਨ ਪੁੱਤਰ ਪਿਰਥੀ ਲਾਲ ਵਾਸੀ ਪਿੰਡ ਕੇਰਖੇੜਾ ਨੇ ਦੱਸਿਆ ਕਿ ਅੱਜ ਸਵੇਰੇ ਉਹ, ਉਸ ਦਾ ਪੁੱਤਰ ਪਵਨ ਅਤੇ ਭਰਜਾਈ ਸੋਮਾ ਪਤਨੀ ਸੁਭਾਸ਼ ਖੇਤ ’ਚ ਸਰ੍ਹੋਂ ਦੀ ਬਿਜਾਈ ਕਰ ਰਹੇ ਸਨ।

ਇਸੇ ਦੌਰਾਨ ਗੁਆਂਢੀ ਖੇਤ ਮਾਲਕ ਨੇ ਉਨ੍ਹਾਂ ਦੀ ਜ਼ਮੀਨ ’ਚ ਬੀਜੀ ਗਈ ਕਣਕ ’ਤੇ ਟਰੈਕਟਰ ਚਲਾ ਦਿੱਤਾ। ਜਦੋਂ ਉਨ੍ਹਾਂ ਇਤਰਾਜ਼ ਕੀਤਾ ਤਾਂ ਗੁਆਂਢੀ ਖੇਤ ਮਾਲਕ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਤਿੰਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ’ਚ ਦੂਜੀ ਧਿਰ ਦੇ ਤਿੰਨ ਵਿਅਕਤੀਆਂ ਨੂੰ ਵੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਹ ਕੁਝ ਨਹੀਂ ਦੱਸਣਾ ਚਾਹੁੰਦੇ। ਹਸਪਤਾਲ ਦੇ ਡਾਕਟਰ ਸਵਪਨਿਲ ਨੇ ਦੱਸਿਆ ਕਿ ਇਸ ਮਾਮਲੇ ’ਚ ਕੁੱਲ 6 ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

ਜਿਸ ’ਚ ਮਦਨ ਦੇ ਸਿਰ ’ਤੇ ਡੂੰਘੀਆਂ ਸੱਟਾਂ ਲੱਗਣ ਕਾਰਨ ਕਰੀਬ 15 ਟਾਂਕੇ ਲੱਗੇ ਹਨ, ਜਦ ਕਿ ਪਵਨ ਦੀ ਵੀ ਬਾਂਹ ਟੁੱਟੀ ਹੈ ਅਤੇ ਸੋਮਾ ਵੀ ਮਾਮੂਲੀ ਜ਼ਖਮੀ ਹੈ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਸੁਨੀਲ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਲੜਾਈ ਦੀ ਹੁਣੇ ਹੀ ਸੂਚਨਾ ਮਿਲੀ ਹੈ, ਜਿਵੇਂ ਹੀ ਹਸਪਤਾਲ ਤੋਂ ਆਨਲਾਈਨ ਐੱਮ. ਐੱਲ. ਆਰ. ਪ੍ਰਾਪਤ ਹੋਵੇਗੀ, ਜਾਂਚ ਕਰ ਕੇ ਉਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।


Babita

Content Editor

Related News