ਘਰੋਂ ਗੱਡੀ ਕੱਢ ਰਹੇ ਨੌਜਵਾਨ ਦੀ ਕੁੱਟਮਾਰ! ਪਿਸਤੌਲ ਦੇ ਬੱਟ ਨਾਲ ਤੋੜੀ ਨੱਕ, ਮੁੱਕਾ ਮਾਰ ਕੇ ਤੋੜ''ਤਾ ਬਜ਼ੁਰਗ ਪਿਤਾ ਦਾ ਦੰਦ

Saturday, Feb 28, 2026 - 01:11 PM (IST)

ਘਰੋਂ ਗੱਡੀ ਕੱਢ ਰਹੇ ਨੌਜਵਾਨ ਦੀ ਕੁੱਟਮਾਰ! ਪਿਸਤੌਲ ਦੇ ਬੱਟ ਨਾਲ ਤੋੜੀ ਨੱਕ, ਮੁੱਕਾ ਮਾਰ ਕੇ ਤੋੜ''ਤਾ ਬਜ਼ੁਰਗ ਪਿਤਾ ਦਾ ਦੰਦ

ਲੁਧਿਆਣਾ (ਰਾਜ): ਮਹਾਨਗਰ ਵਿਚ ਬੇਖੌਫ਼ ਘੁੰਮ ਰਹੇ ਸ਼ਰਾਰਤੀ ਅਨਸਰਾਂ ਦਾ ਆਤੰਕ ਇਸ ਕਦਰ ਵੱਧ ਗਿਆ ਹੈ ਕਿ ਹੁਣ ਲੋਕਾਂ ਦਾ ਆਪਣੇ ਘਰ ਦੇ ਬਾਹਰ ਨਿਕਲਣਾ ਵੀ ਦੂਭਰ ਹੋ ਗਿਆ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਮੂਲੀ ਕਹਾਸੁਣੀ ਤੋਂ ਬਾਅਦ ਹਮਲਾਵਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਘਰ 'ਤੇ ਹਮਲਾ ਕਰ ਦਿੱਤਾ ਅਤੇ ਪਿਓ-ਪੁੱਤਰ ਨੂੰ ਲਹੂ-ਲੁਹਾਨ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਸਿਮਰਜੋਤ ਸਿੰਘ 26 ਫਰਵਰੀ ਦੀ ਸਵੇਰ ਕਰੀਬ ਸਵਾ 11 ਵਜੇ ਆਪਣੀ ਆਈ-20 (i-20) ਕਾਰ ਘਰੋਂ ਬਾਹਰ ਕੱਢ ਰਿਹਾ ਸੀ। ਇਸੇ ਦੌਰਾਨ ਸਾਹਿਲ ਕਪੂਰ ਅਤੇ ਉਦਿਤ ਕਪੂਰ ਨੇ ਆਪਣੀ ਸਕੂਟੀ ਪੀੜਤ ਦੀ ਕਾਰ ਵਿਚ ਮਾਰ ਦਿੱਤੀ ਅਤੇ ਝਗੜਾ ਸ਼ੁਰੂ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਝਗੜੇ ਦੇ ਮਹਿਜ਼ 15-20 ਮਿੰਟ ਬਾਅਦ ਮੁਲਜ਼ਮ ਆਪਣੀ ਐਂਡੇਵਰ ਗੱਡੀ ਵਿਚ ਕਰੀਬ 5-6 ਅਣਪਛਾਤੇ ਸਾਥੀਆਂ ਨੂੰ ਲੈ ਕੇ ਆਏ ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰ ਅਤੇ ਪਿਸਤੌਲ ਸੀ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਸਾਹਿਲ ਕਪੂਰ, ਉਦਿਤ ਕਪੂਰ, ਸੁਨੀਲ ਕਪੂਰ, ਕਮਲ ਅਤੇ ਉਸ ਦੇ ਅਣਪਛਾਤੇ ਸਾਥੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੀੜਤ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ 'ਤੇ ਪਿਸਤੌਲ ਦੇ ਬੱਟ ਨਾਲ ਹਮਲਾ ਕੀਤਾ ਜਿਸ ਨਾਲ ਉਸ ਦੀ ਨੱਕ 'ਤੇ ਗੰਭੀਰ ਸੱਟ ਆਈ। ਜਦੋਂ ਬਚਾਅ ਕਰਨ ਪੀੜਤ ਦੇ ਬਜ਼ੁਰਗ ਪਿਤਾ ਸਾਹਮਣੇ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਆਰੋਪ ਹੈ ਕਿ ਸੁਨੀਲ ਕਪੂਰ ਨਾਮਕ ਵਿਅਕਤੀ ਨੇ ਬਜ਼ੁਰਗ ਦੀ ਦਾੜ੍ਹੀ ਨੋਚਦੇ ਹੋਏ ਉਨ੍ਹਾਂ ਦੇ ਚਿਹਰੇ 'ਤੇ ਇੰਨਾ ਜ਼ੋਰਦਾਰ ਮੁੱਕਾ ਮਾਰਿਆ ਕਿ ਉਨ੍ਹਾਂ ਦਾ ਹੇਠਲਾ ਦੰਦ ਟੁੱਟ ਗਿਆ। ਇਸ ਖੂਨੀ ਖੇਡ ਅਤੇ ਖੋਹ-ਖਿੰਝ ਦੌਰਾਨ ਪੀੜਤ ਦੇ ਗਲੇ ਵਿੱਚੋਂ 2 ਤੋਲੇ ਦੀ ਸੋਨੇ ਦੀ ਚੇਨ ਵੀ ਕਿਧਰੇ ਗਾਇਬ ਹੋ ਗਈ। ਸ਼ਰੇਆਮ ਹੋ ਰਹੀ ਇਸ ਕੁੱਟਮਾਰ ਨੂੰ ਦੇਖ ਜਦੋਂ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੀ ਗੱਡੀ ਸਮੇਤ ਉੱਥੋਂ ਫ਼ਰਾਰ ਹੋ ਗਏ।


author

Anmol Tagra

Content Editor

Related News