33 ਰੁਪਏ ਰੋਜ਼ਾਨਾ ਦੀ ਕਮਾਈ 'ਤੇ 'ਕੋਰੋਨਾ ਵਾਇਰਸ' ਦੀ ਡਿਊਟੀਆਂ ਕਰਦੀਆਂ ਨੇ ਆਸ਼ਾ ਵਰਕਰਾਂ
Wednesday, Apr 29, 2020 - 07:33 PM (IST)
ਸ਼ੇਰਪੁਰ (ਸਿੰਗਲਾ) : ਆਸ਼ਾ ਵਰਕਰਜ਼ ਅਤੇ ਫੈਸਲੀਟੇਟਰ ਯੂਨੀਅਨ ਬਲਾਕ ਸ਼ੇਰਪੁਰ ਦੇ ਪ੍ਰਧਾਨ ਗੁਰਪ੍ਰੀਤ ਕੌਰ ਦੀ ਪ੍ਰਧਾਨਗੀ ਹੇਠ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਕਾਲੀਆ ਚੁੰਨੀਆਂ ਲੈ ਕੇ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਦੌਰਾਨ ਕਿਹਾ ਹੈ ਕਿ ਘੱਟੋ-ਘੱਟ ਉਜਰਤਾ ਦੇ ਘੇਰੇ 'ਚ ਲਿਆਂਦਾ ਜਾਵੇ ਅਤੇ ਉਨ੍ਹਾਂ ਦੀ ਤਨਖਾਹ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਗੁਰਪ੍ਰੀਤ ਕੌਰ, ਜਨਰਲ ਸਕੱਤਰ ਛਿੰਦਰਪਾਲ ਕੌਰ ਕਾਤਰੋਂ, ਚੇਅਰਪਰਸਨ ਬਲਜਿੰਦਰ ਕੌਰ, ਖਜ਼ਾਨਚੀ ਸੁਰਿੰਦਰਪਾਲ ਕੌਰ, ਸੁਖਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਕੋਰੋਨਾ ਵਾਇਰਸ ਨਾਂ ਦੀ ਮਹਾਮਾਰੀ ਨੇ ਸਾਰੇ ਸੰਸਾਰ 'ਚ ਤਬਾਹੀ ਮਚਾਈ ਹੋਈ ਹੈ। ਇਸ ਵਾਇਰਸ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ ► ਲੁਧਿਆਣਾ 'ਚ 'ਕੋਰੋਨਾ ਬਲਾਸਟ', ਇੱਕਠੇ 11 ਕੇਸ ਆਏ ਸਾਹਮਣੇ
ਇਸ ਤੋਂ ਬਚਣ ਲਈ ਸੂਬਿਆਂ ਦੀਆਂ ਸਰਕਾਰਾਂ, ਸਿਹਤ ਮਹਿਕਮਾਂ, ਪੁਲਸ ਵਿਭਾਗ ਸਮੇਤ ਹੋਰ ਅਦਾਰੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ। ਉੱਥੇ ਹੀ ਨਿਗੂਣੇ ਮਾਣ ਭੱਤੇ 'ਤੇ ਕੰਮ ਕਰਨ ਵਾਲੀਆਂ ਆਸ਼ਾ ਵਰਕਰਜ਼ ਅਤੇ ਫੈਸਲੀਟੇਟਰ ਦਿਨ-ਰਾਤ ਘਰ-ਘਰ ਜਾ ਕੇ ਬਾਹਰੋਂ ਆਏ ਵਿਅਕਤੀਆਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਕੋਰੋਨਾ ਵਾਇਰਸ ਸਬੰਧੀ ਖੰਘ, ਜ਼ੁਕਾਮ ਅਤੇ ਹੋਰ ਲੱਛਣਾ ਦੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਰਹੀਆਂ ਹਨ ਤਾਂ ਜੋ ਇਸ ਮਹਾਮਰੀ 'ਤੇ ਕੰਟਰੋਲ ਕੀਤਾ ਜਾ ਸਕੇ।
ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ
ਆਗੂਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਇਨ੍ਹਾਂ ਆਸ਼ਾ ਵਰਕਰਜ਼ ਅਤੇ ਫੈਸਲੀਟੇਟਰ ਤੋਂ ਕੰਮ ਤਾਂ ਲੈ ਰਹੀ ਹੈ ਪਰ ਇਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਹ ਆਸ਼ਾ ਵਰਕਰਜ਼ ਅੱਤ ਦੀ ਮਹਿੰਗਾਈ 'ਚ 33 ਰੁਪਏ ਅਤੇ ਫੈਸਲੀਟੇਟਰ 16 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਰੋਜ਼ਾਨਾ 25-25 ਘਰਾਂ ਵਿੱਚ ਜਾ ਕੇ ਕੰਮ ਕਰ ਰਹੀਆਂ ਹਨ। ਸਰਕਾਰ ਵੱਲੋਂ ਦਿੱਤਾ ਜਾ ਰਿਹਾ ਇਹ ਭੱਤਾ ਇਨ੍ਹਾਂ ਵਰਕਰਾਂ ਨਾਲ ਕੋਝਾ ਮਜ਼ਾਕ ਹੈ। ਪ੍ਰਧਾਨ ਗੁਰਪ੍ਰੀਤ ਕੌਰ ਨੇ ਦੱਸਿਆਂ ਕਿ ਆਸ਼ਾ ਵਰਕਰ ਨੂੰ ਹਫਤੇ 'ਚ ਦੋ ਗਲੱਬਜ਼ ਅਤੇ ਦੋ ਮਾਸਕ ਹਫ਼ਤੇ ਬਾਅਦ ਦਿੱਤੇ ਜਾਂਦੇ ਹਨ, ਜਦਕਿ ਮਾਸਕ ਨੂੰ ਇੱਕ ਦਿਨ ਤੋਂ ਵਧ ਵਰਤਿਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ ► 'ਕੋਰੋਨਾ' ਕਾਰਨ ਜਲੰਧਰ 'ਚ ਚੌਥੀ ਮੌਤ, ਪੰਜਾਬ 'ਚ ਮੌਤਾਂ ਦਾ ਅੰਕੜਾ 20 ਤੱਕ ਪੁੱਜਾ
ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਆਸ਼ਾ ਵਰਕਰਾਂ ਨੂੰ ਰੋਜ਼ਾਨਾ ਵਰਤੋਂ ਲਈ ਮਾਸਕ, ਗਲੱਬਜ਼ ਅਤੇ ਸੈਨੀਟਾਈਜ਼ਰ ਵੀ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਸਰਕਾਰ ਵੱਲੋਂ ਆਪਣਾ ਮੂੰਹ ਚੁੰਨੀ ਨਾਲ ਢੱਕਣ ਅਤੇ ਹੱਥ ਵਿੱਚ ਸੋਟੀ ਫੜ ਕੇ ਡਿਊਟੀ ਕਰਨ ਲਈ ਕਿਹਾ ਗਿਆ ਹੈ ਜਦਕਿ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਵਰਦੀਆਂ ਵਿੱਚ ਚੂੰਨੀਆਂ ਨਹੀਂ ਦਿੱਤੀਆਂ ਜਾ ਰਹੀਆਂ। ਅਜਿਹੇ ਸਮੇਂ ਵਿੱਚ ਆਸ਼ਾ ਵਰਕਰ ਹੱਥਾਂ ਵਿੱਚ ਸੋਟੀਆਂ ਫੜਕੇ ਡਿਊਟੀ ਕਿਵੇਂ ਕਰ ਸਕਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਘੱਟੋ-ਘੱਟ ਉਜਰਤਾ ਦੇ ਘੇਰੇ 'ਚ ਲਿਆਂਦਾ ਜਾਵੇ ਅਤੇ 10 ਹਜ਼ਾਰ ਰੁਪਏ ਤਨਖਾਹ ਤੋਂ ਇਲਾਵਾ ਆਸ਼ਾ ਵਰਕਰਜ਼ ਅਤੇ ਫੈਸਲੀਟੇਟਰ ਦਾ 50 ਲੱਖ ਤੱਕ ਦਾ ਬੀਮਾ ਵੀ ਕੀਤਾ ਜਾਵੇ।
ਇਹ ਵੀ ਪੜ੍ਹੋ ► ਮੋਹਾਲੀ ਤੋਂ ਵੱਡੀ ਖਬਰ, ਇਕੋ ਦਿਨ 'ਚ 'ਕੋਰੋਨਾ' ਦੇ 9 ਕੇਸ ਆਏ ਸਾਹਮਣੇ