ਨਸ਼ੇ ਵਾਲੇ ਪਾਊਡਰ, ਪਿਸਤੌਲ, 3.70 ਲੱਖ ਰੁਪਏ ਸਣੇ 2 ਕਾਬੂ

Friday, Jun 22, 2018 - 12:35 AM (IST)

ਨਸ਼ੇ ਵਾਲੇ ਪਾਊਡਰ, ਪਿਸਤੌਲ, 3.70 ਲੱਖ ਰੁਪਏ ਸਣੇ 2 ਕਾਬੂ

ਰੂਪਨਗਰ/ਸ੍ਰੀ ਕੀਰਤਪੁਰ ਸਾਹਿਬ, (ਵਿਜੇ/ਬਾਲੀ)- ਪੁਲਸ  ਨੇ ਨਸ਼ੇ  ਵਾਲੇ  ਪਾਊਡਰ, ਪਿਸਤੌਲ ਤੇ ਲੱਖਾਂ ਰੁਪਏ ਸਮੇਤ 2 ਵਿਅਕਤੀਅਾਂ  ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਅੱਜ ਏ.ਐੱਸ.ਆਈ. ਇੰਦਰਜੀਤ ਸਿੰਘ ਇੰਚਾਰਜ ਪੁਲਸ ਚੌਕੀ ਭਰਤਗਡ਼੍ਹ ਨੇ ਸਮੇਤ ਪੁਲਸ ਪਾਰਟੀ ਪਿੰਡ ਪੰਜੈਰਾ ਰੋਡ ਨੇਡ਼ੇ ਅਨਾਜ ਮੰਡੀ ਭਰਤਗਡ਼੍ਹ ਕੋਲ ਨਾਕਾਬੰਦੀ ਕੀਤੀ ਹੋਈ ਸੀ।  ਇਸੇ  ਦੌਰਾਨ  ਉਨ੍ਹਾਂ  ਇਕ ਕਾਰ, ਜਿਸ ’ਚ ਦੋ ਵਿਅਕਤੀ ਸਵਾਰ ਸਨ, ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ  ਪਿੱਛੇ ਮੋਡ਼ ਕੇ ਭਜਾ ਲਈ।   
 ਪੁਲਸ ਪਾਰਟੀ ਨੇ ਕਾਰ ਦਾ ਪਿੱਛਾ ਕੀਤਾ ਤੇ ਕਾਰ ਦੇ ਟਾਇਰ ’ਚ ਗੋਲੀ ਮਾਰ ਕੇ ਪੰਕਚਰ ਕਰ ਦਿੱਤਾ। ਕਾਰ ਦੇ  ਰੁਕਦਿਅਾਂ  ਹੀ  ਪੁਲਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ। ਕਾਰ ਚਾਲਕ ਨੇ ਆਪਣਾ ਨਾਮ ਅੰਕੁਰ ਜਸਵਾਲ ਪੁੱਤਰ ਰਾਮਪਾਲ ਜਸਵਾਲ ਵਾਸੀ ਪਿੰਡ ਦਿਉਲੀ ਥਾਣਾ ਗਗਰੇਟ  ਜ਼ਿਲਾ  ਊਨਾ ਹਾਲ ਵਾਸੀ ਨੂੰਹੋਂ ਕਾਲੋਨੀ ਘਨੌਲੀ ਰੂਪਨਗਰ ਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਅਜੇ ਕੁਮਾਰ ਪੁੱਤਰ ਸੁਵਾਮੀ ਸਿੰਘ ਵਾਸੀ ਪਿੰਡ ਮੋਡ਼ੂਆ ਥਾਣਾ ਕੋਟ ਕਹਿਲੂਰ (ਹਿ. ਪ੍ਰ.) ਦੱਸਿਆ। ਕਾਰ ਦੀ ਤਲਾਸ਼ੀ  ਲੈਣ ’ਤੇ ਕਾਰ ’ਚੋਂ 400 ਗ੍ਰਾਮ ਨਸ਼ੇ ਵਾਲਾ ਪਾਊਡਰ, ਇਕ ਦੇਸੀ ਪਿਸਤੌਲ 315 ਬੋਰ, 2 ਕਾਰਤੂਸ ਅਤੇ 3 ਲੱਖ 70 ਹਜ਼ਾਰ ਰੁਪਏ  ਬਰਾਮਦ ਹੋਏ।
ਜੇਲ ’ਚ ਬੰਦ ਜਸਪਾਲ ਨੇ ਦਿੱਤੇ ਸਨ ਨਸ਼ਾ ਲਿਆਉਣ ਲਈ ਪੈਸੇ 
ਬਰਾਮਦ ਹੋਈ ਰਕਮ ਬਾਰੇ ਮੁਲਜ਼ਮਾਂ  ਨੇ ਖੁਲਾਸਾ ਕੀਤਾ ਕਿ ਜਸਪਾਲ ਸਿੰਘ ਉਰਫ ਜੱਸੀ ਵਾਸੀ ਕਲਮਾ ਜੋ ਕਪੂਰਥਲਾ ਜੇਲ ਵਿਚ ਬੰਦ ਹੈ, ਜੇਲ ਵਿਚ ਬੈਠਾ ਹੀ ਨਸ਼ੇ ਦਾ ਕਾਰੋਬਾਰ ਚਲਾਉਂਦਾ ਹੈ। ਇਹ ਪੈਸੇ ਉਨ੍ਹਾਂ ਨੇ ਜਸਪਾਲ ਸਿੰਘ ਉਰਫ ਜੱਸੀ ਦੇ ਖਾਸ ਵਿਅਕਤੀ ਸ਼ਿਵ ਕੁਮਾਰ ਉਰਫ ਕਾਲਾ ਪੁੱਤਰ ਰਾਮ ਆਸਰਾ ਵਾਸੀ ਕਲਮਾ ਥਾਣਾ ਨੂਰਪੁਰਬੇਦੀ  ਨੂੰ ਸੰਤੋਖਗਡ਼੍ਹ ਹਿਮਾਚਲ ਪ੍ਰਦੇਸ਼ ਵਿਖੇ ਜਾ ਕੇ ਦੇਣੇ ਸਨ ਤੇ ਉਸ ਕੋਲੋਂ ਹੋਰ ਨਸ਼ੇ ਵਾਲਾ ਪਾਊਡਰ ਖਰੀਦਣਾ ਸੀ। ਪੁਲਸ ਨੇ ਅੰਕੁਰ ਜਸਵਾਲ, ਅਜੇ ਕੁਮਾਰ, ਜਸਪਾਲ ਸਿੰਘ ਅਤੇ ਸ਼ਿਵ ਕੁਮਾਰ ਖਿਲਾਫ ਮਾਮਲਾ ਦਰਜ ਕਰ ਕੇ ਅੰਕੁਰ ਤੇ ਅਜੇ ਨੂੰ ਗ੍ਰਿਫਤਾਰ ਕਰ  ਲਿਆ  ਹੈ।


Related News