ਸੁੰਨਸਾਨ ਰਸਤਿਆਂ ''ਤੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰ ਕਾਬੂ

Friday, Jun 08, 2018 - 05:04 AM (IST)

ਲੁਧਿਆਣਾ(ਅਨਿਲ)-ਪੁਲਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਰਤੀ ਅਨਸਰਾਂ ਖਿਲਾਫ ਛੇੜੀ ਮੁਹਿੰਮ ਤਹਿਤ ਸੁੰਨਸਾਨ ਥਾਵਾਂ 'ਤੇ ਲੋਕਾਂ ਨਾਲ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਥਾਣਾ ਲਾਡੋਵਾਲ ਦੀ ਪੁਲਸ ਨੇ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਸੁੰਨਸਾਨ ਥਾਵਾਂ 'ਤੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦੇ ਮਂੈਬਰ ਮੋਟਰਸਾਈਕਲ 'ਤੇ ਇਲਾਕੇ ਵਿਚ ਘੁੰਮ ਰਹੇ ਹਨ। ਇਸ 'ਤੇ ਸਪੈਸ਼ਲ ਨਾਕਾਬੰਦੀ ਕਰ ਕੇ ਉਕਤ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ। ਦੋਸ਼ੀਆਂ ਦੀ ਪਛਾਣ ਹਰਚੰਦ ਸਿੰਘ ਪੁੱਤਰ ਜਗਦੀਸ਼ ਸਿੰਘ, ਅਨਿਲ ਕੁਮਾਰ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਚਾਹੜਾਂ ਤੇ ਗੁਰਸੇਵਕ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਰੱਜੋਵਾ ਦੇ ਤੌਰ 'ਤੇ ਹੋਈ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਲੁੱਟੇ ਹੋਏ 7 ਮੋਬਾਇਲ ਫੋਨ ਤੇ 1 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਬਣਾਉਂਦੇ ਸਨ ਸ਼ਿਕਾਰ
ਥਾਣਾ ਇੰਚਾਰਜ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਤਿੰਨੋਂ ਦੋਸ਼ੀ ਆਪਣੇ ਮੋਟਰਸਾਈਕਲ 'ਤੇ ਨੂਰਪੁਰ ਬੇਟ, ਹੁਸੈਨਪੁਰਾ, ਛੋਟੀ ਹੈਬੋਵਾਲ, ਡੇਅਰੀਆਂ, ਲਾਦੀਆਂ, ਬਾੜੇਵਾਲ, ਕਾਦੀਆਂ ਰੋਡ ਲਾਡੋਵਾਲ ਆਦਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ 'ਤੇ ਸੁੰਨਸਾਨ ਜਗ੍ਹਾ ਦੋਪਹੀਆ ਵਾਹਨਾਂ ਵਾਲਿਆਂ ਤੇ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਮੋਬਾਇਲ ਫੋਨ ਤੇ ਨਕਦੀ ਖੋਹ ਲੈਂਦੇ ਸਨ। ਤਿੰਨੋਂ ਨਸ਼ੇ ਦੇ ਵੀ ਆਦੀ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ, ਤਾਂ ਕਿ ਉਨ੍ਹਾਂ ਦੇ ਗਿਰੋਹ ਸਬੰਧੀ ਪਤਾ ਲਾਇਆ ਜਾ ਸਕੇ।


Related News