ਕ੍ਰਿਕਟ ਮੈਚਾਂ ''ਤੇ ਸੱਟਾ ਲਾਉਣ ਵਾਲੇ ਰਾਜ ਪੱਧਰੀ ਬੁਕੀਜ਼ ਗੈਂਗ ਦਾ ਭੱਜਾ ਭਾਂਡਾ

12/08/2017 5:09:49 AM

ਲੁਧਿਆਣਾ(ਮਹੇਸ਼)-ਅੰਤਰਰਾਸ਼ਟਰੀ ਕ੍ਰਿਕਟ ਮੈਚਾਂ 'ਤੇ ਸੱਟਾ ਲਵਾਉਣ ਵਾਲੇ ਰਾਜ ਪੱਧਰੀ ਬੁਕਿਜ਼ ਗੈਂਗ ਦਾ ਭਾਂਡਾ ਭੱਜ ਗਿਆ ਹੈ। ਪੁਲਸ ਨੇ ਗੈਂਗ ਦੇ ਖਤਰਨਾਕ ਸਰਗਨਾ ਗਗਨਦੀਪ ਸਿੰਘ ਉਰਫ ਰਾਜ ਸ਼ਹਿਨਸ਼ਾਹ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਇਕ ਦੋਸ਼ੀ ਅਜੇ ਤੱਕ ਫਰਾਰ ਹੈ। ਇਸ ਗੈਂਗ ਦੇ ਮੈਂਬਰਾਂ ਦੀ ਗ੍ਰਿਫਤਾਰੀ ਦਾ ਐਲਾਨ ਖੁਦ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਗ੍ਰਿਫਤਾਰ ਦੋਸ਼ੀਆਂ 'ਤੇ ਇਕ ਨੌਜਵਾਨ ਦਾ ਯੋਜਨਾਬੱਧ ਤਰੀਕੇ ਨਾਲ ਅਗਵਾ ਕਰਨ, ਕੰਨਪਟੀ 'ਤੇ ਪਿਸਤੌਲ ਰੱਖ ਕੇ ਗਹਿਣੇ ਅਤੇ ਗੱਡੀ ਖੋਹਣ ਦਾ ਪਰਚਾ ਦਰਜ ਕੀਤਾ ਹੈ। ਇਸ ਗੈਂਗ ਦਾ ਇੰਨੀ ਆਸਾਨੀ ਨਾਲ ਭਾਂਡਾ ਨਹੀਂ ਭੱਜ ਹੋਣਾ ਸੀ ਪਰ ਜਿਸ ਨੌਜਵਾਨ ਨੂੰ ਇਸ ਗੈਂਗ ਨੇ ਅਗਵਾ ਕੀਤਾ, ਕੰਨਪਟੀ 'ਤੇ ਪਿਸਤੌਲ ਰੱਖ ਕੇ ਪੈਸੇ ਲਏ ਤਾਂ ਉਹ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਲੈ ਕੇ ਪੁੱਜ ਗਿਆ। ਕੇਸ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਸ ਤੁਰੰਤ ਹਰਕਤ ਵਿਚ ਆ ਗਈ ਅਤੇ ਚਾਰਾਂ ਦੋਸ਼ੀਆਂ ਨੂੰ ਦਬੋਚ ਲਿਆ। ਇਨ੍ਹਾਂ ਲੋਕਾਂ ਨੂੰ ਕਿੱਥੋਂ ਫੜਿਆ ਗਿਆ, ਇਸ ਸਬੰਧੀ ਪੁਲਸ ਅਜੇ ਕੁੱਝ ਨਹੀਂ ਦੱਸ ਸਕੀ। ਪੁਲਸ ਨੇ ਦੁੱਗਰੀ ਫੇਸ 2 ਦੇ ਰਹਿਣ ਵਾਲੇ ਸ਼ਹਿਨਸ਼ਾਹ ਕੋਲੋਂ ਲੁੱਟੀ ਗਈ ਨਕਦੀ 'ਚੋਂ 1.76 ਲੱਖ ਰੁਪਏ ਦੀ ਨਕਦੀ ਤੇ ਜੀ. ਕੇ. ਵਿਹਾਰ ਦੇ ਰਜਿੰਦਰ ਲੱਡੂ ਕੋਲੋਂ ਵਾਰਦਾਤ ਵਿਚ ਵਰਤੀ ਗਈ 32 ਬੋਰ ਦੀ ਲਾਇਸੈਂਸੀ ਪਿਸਤੌਲ, 18 ਜ਼ਿੰਦਾ ਕਾਰਤੂਸ ਅਤੇ 28,000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਜਦੋਂ ਕਿ ਬਾਕੀ ਦੋਸ਼ੀਆਂ ਦੀ ਪਛਾਣ ਸ਼ਿਮਲਾਪੁਰੀ ਪ੍ਰੀਤ ਨਗਰ ਦੇ ਸੁਨੀਲ ਕੁਮਾਰ, ਦੁੱਗਰੀ ਗੋਲਡ ਐਵੇਨਿਊ ਦੇ ਲਲਿਤ ਕੁਮਾਰ ਵਜੋਂ ਹੋਈ ਹੈ। ਇਨ੍ਹਾਂ ਦੇ ਸਾਥੀ ਬੰਨੀ ਦੀ ਭਾਲ ਕੀਤੀ ਜਾ ਰਹੀ ਹੈ।
ਢੋਕੇ ਨੇ ਦੱਸਿਆ ਕਿ ਇਸ ਗੈਂਗ ਦੇ ਸਰਗਨਾ ਸ਼ਹਿਨਸ਼ਾਹ ਨੇ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਅਬਦੁੱਲਾਪੁਰ ਬਸਤੀ ਦੇ ਪੀੜਤ ਨੌਜਵਾਨ ਰਾਕੇਸ਼ ਕੁਮਾਰ ਨੂੰ ਫੋਨ ਕਰ ਕੇ ਅਦਾਇਗੀ ਤੇ ਮੈਚ 'ਤੇ ਸੱਟਾ ਲਾਉਣ ਬਹਾਨੇ ਆਪਣੇ ਕੋਲ ਬੁਲਾਇਆ। ਜਦੋਂ ਰਾਕੇਸ਼ ਆਪਣੀ ਗੱਡੀ ਵਿਚ ਦੁੱਗਰੀ ਦੇ ਇਕ ਪੈਟਰੋਲ ਪੰਪ 'ਤੇ ਪੁੱਜਾ ਤਾਂ ਉਥੋਂ ਸ਼ਹਿਨਸ਼ਾਹ ਦੇ ਸਾਥੀ ਸੁਨੀਲ ਅਤੇ ਲਲਿਤ ਉਸ ਨੂੰ ਜ਼ਬਰਦਸਤੀ ਉਸੇ ਦੀ ਗੱਡੀ ਵਿਚ ਬਿਠਾ ਕੇ ਧਾਂਦਰਾਂ ਰੋਡ ਦੇ ਜੀ. ਕੇ. ਵਿਹਾਰ ਸਥਿਤ ਲੱਡੂ ਦੇ ਘਰ ਲੈ ਗਏ। ਉਥੇ ਸ਼ਹਿਨਸ਼ਾਹ, ਲੱਡੂ, ਬੰਨੀ ਅਤੇ ਇਨ੍ਹਾਂ ਦੇ 5 ਸਾਥੀ ਪਹਿਲਾਂ ਹੀ ਮੌਜੂਦ ਸਨ।
ਫਿਰ ਬੰਨੀ ਨੇ ਰਾਕੇਸ਼ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੀ ਵਜ੍ਹਾ ਨਾਲ ਸ਼ਹਿਨਸ਼ਾਹ ਮੈਚਾਂ ਵਿਚ 1 ਕਰੋੜ ਰੁਪਏ (100 ਪੇਟੀ) ਹਾਰ ਗਿਆ ਹੈ। ਸ਼ਹਿਨਸ਼ਾਹ ਨੇ ਖਤਰਨਾਕ ਗੈਂਗਸਟਰ ਗੋਰੂ ਬੱਚੇ ਦੇ ਆਦਮੀਆਂ ਦਾ 36 ਲੱਖ ਰੁਪਏ ਦਾ ਭੁਗਤਾਨ ਕਰਨਾ ਹੈ, ਜਿਸ ਕਾਰਨ ਉਹ ਜਲਦ ਤੋਂ ਜਲਦ ਪੈਸਿਆਂ ਦਾ ਪ੍ਰਬੰਧ ਕਰੇ। ਰਾਕੇਸ਼ ਦੇ ਇਨਕਾਰ ਕਰਨ 'ਤੇ ਇਨ੍ਹਾਂ ਨੇ ਉਸ ਦੀ ਕੰਨਪਟੀ 'ਤੇ ਪਿਸਤੌਲ ਰੱਖ ਕੇ ਉਸ ਤੋਂ ਰਿੰਕੂ ਨਾਰੰਗ ਰਾਹੀਂ ਜਗਰਾਓਂ ਦੇ ਵਿੱਕੀ ਅਤੇ ਧਾਲੀਵਾਲ ਦੇ ਕੋਲ ਬੰਗਲਾ ਪ੍ਰੀਮੀਅਮ ਮੈਚ 'ਤੇ 20-20 ਲੱਖ ਦਾ ਅਤੇ ਰਾਣੇ ਰਾਹੀਂ ਮਨੀ ਦੇ ਕੋਲ 40 ਲੱਖ ਰੁਪਏ ਦਾ ਸੱਟਾ ਲਗਵਾ ਦਿੱਤਾ। ਜਦੋਂ ਇਹ ਮੈਚ ਵਿਚ 80 ਲੱਖ ਰੁਪਏ ਹਾਰ ਗਏ ਤਾਂ ਇਨ੍ਹਾਂ ਨੇ ਰਾਕੇਸ਼ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਦੋਸ਼ੀਆਂ ਨੇ ਉਸ ਦੇ ਕੱਪੜੇ ਉਤਰਵਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਜਬਰਨ ਉਸ ਨੂੰ ਫੋਨ ਕਰ ਕੇ ਉਸ ਦੀ ਪਤਨੀ ਤੋਂ 3.50 ਲੱਖ ਰੁਪਏ ਮੰਗਵਾਏ। ਇਨ੍ਹਾਂ ਨੇ ਉਸ ਦੀ ਗੱਡੀ ਵਿਚ ਰੱਖੀ 2 ਲੱਖ ਰੁਪਏ ਦੀ ਨਕਦੀ ਵੀ ਖੋਹ ਲਈ। ਉਸ ਦੇ ਸਰੀਰ 'ਤੇ ਪਹਿਨੇ ਗਹਿਣੇ, 2 ਸੋਨੇ ਦੀਆਂ ਮੁੰਦਰੀਆਂ, ਸੋਨੇ ਦੀ ਚੇਨ ਅਤੇ ਹੋਰ ਸਾਮਾਨ ਵੀ ਲੁੱਟ ਲਿਆ। ਇਸ ਤੋਂ ਬਾਅਦ ਇਕ-ਇਕ ਕਰ ਕੇ ਦੋਸ਼ੀ ਉੱਥੋਂ ਖਿਸਕ ਗਏ।
ਉਨ੍ਹਾਂ ਦੱਸਿਆ ਕਿ ਇਸ ਸਭ ਦੇ ਪਿੱਛੇ ਵਜ੍ਹਾ ਰੰਜਿਸ਼ ਇਹ ਹੈ ਕਿ ਅਮਨ ਖੰਨਾ, ਮਹਾਜਨ ਚੰਡੀਗੜ੍ਹੀਆ, ਵਿੱਕੀ ਜਗਰਾਓਂ, ਸੰਦੀਪ ਧਾਲੀਵਾਲ ਲੁਧਿਆਣਾ, ਪ੍ਰਿੰਸ ਮੱਕੜ ਦੁੱਗਰੀ, ਰਿੰਕੂ ਨਾਰੰਗ ਅਤੇ ਮਨੀ ਗਗਨੇਜਾ, ਸੁਮਿਤ ਰਾਣਾ ਅਤੇ ਕੁੱਝ ਹੋਰ ਲੋਕ ਕ੍ਰਿਕਟ ਮੈਚਾਂ 'ਤੇ ਸੱਟਾ ਲਾਉਣ ਦਾ ਕੰਮ ਕਰਦੇ ਹਨ। ਸ਼ਹਿਨਸ਼ਾਹ, ਰਿੰਕੀ ਅਤੇ ਕੁੱਝ ਹੋਰ ਵਿਅਕਤੀ ਸੱਟੇ ਦਾ ਗੈਰ-ਕਾਨੂੰਨੀ ਧੰਦਾ ਕਰਦੇ ਹਨ, ਜਿਸ ਵਿਚ ਉਹ ਵੱਡੀ ਰਕਮ ਹਾਰ ਚੁੱਕੇ ਹਨ। ਉਸ ਨੁਕਸਾਨ ਦੀ ਭਰਪਾਈ ਲਈ ਸ਼ਹਿਨਸ਼ਾਹ ਨੇ ਰਿੰਕੀ ਦੀ ਵਰਤੋਂ ਕੀਤੀ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸਦਰ ਥਾਣੇ ਵਿਚ 365, 386, 379-ਬੀ., 120-ਬੀ, 506, 25/27/59 ਤਹਿਤ ਪਰਚਾ ਦਰਜ ਕਰ ਕੇ ਅੱਗੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਹੈਬੋਵਾਲ 'ਚ ਵੀ ਬੁੱਕੀ ਸਰਗਰਮ
ਪੁਲਸ ਨੇ ਜਿਸ ਗੈਂਗ ਦਾ ਭਾਂਡਾ ਭੰਨਿਆ ਹੈ, ਉਸ ਦੀਆਂ ਗਤੀਵਿਧੀਆਂ ਦਾ ਅਸਰ ਜ਼ਿਆਦਾ ਦੁੱਗਰੀ ਇਲਾਕੇ ਵਿਚ ਸੀ ਪਰ ਅਜੇ ਇਹ ਪਤਾ ਲੱਗਾ ਹੈ ਕਿ ਹੈਬੋਵਾਲ ਇਲਾਕੇ ਵਿਚ ਵੀ ਅਜਿਹੇ ਬੁਕੀ ਸਰਗਰਮ ਹਨ, ਜੋ ਕਿ ਅਜੇ ਤੱਕ ਪੁਲਸ ਦੀ ਨਜ਼ਰ ਤੋਂ ਬਚੇ ਹੋਏ ਹਨ। ਚਰਚਾ ਹੈ ਕਿ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਅਜਿਹੇ ਲੋਕਾਂ ਨੇ ਇਕ ਵਾਰ ਫਿਰ ਪੂਰੇ ਪੰਜਾਬ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਪਰ ਪੁਲਸ ਨੇ ਅਜੇ ਤੱਕ ਅਜਿਹੇ ਲੋਕਾਂ ਖਿਲਾਫ ਕੋਈ ਵੱਡੀ ਕਾਰਵਾਈ ਨਹੀਂ ਕੀਤੀ।


Related News