ਸਰਕਾਰੀ ਬੋਰਡਾਂ ''ਤੇ ਕਾਲਖ ਮਲਣ ਦੇ ਮਾਮਲੇ ''ਚ ਲੱਖਾ ਸਿਧਾਣਾ ਗ੍ਰਿਫ਼ਤਾਰ

Wednesday, Nov 01, 2017 - 02:29 AM (IST)

ਸਰਕਾਰੀ ਬੋਰਡਾਂ ''ਤੇ ਕਾਲਖ ਮਲਣ ਦੇ ਮਾਮਲੇ ''ਚ ਲੱਖਾ ਸਿਧਾਣਾ ਗ੍ਰਿਫ਼ਤਾਰ

ਬਠਿੰਡਾ(ਬਲਵਿੰਦਰ)-ਪੰਜਾਬ ਵਿਚ ਪੰਜਾਬੀਆਂ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਦੀ ਕੋਸ਼ਿਸ਼ ਮਹਿੰਗੀ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਇਥੋਂ ਇਸ ਲਹਿਰ ਦੇ ਮੋਢੀ ਆਗੂ ਲਖਵੀਰ ਸਿੰਘ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਗ੍ਰਿਫ਼ਤਾਰੀ ਲਈ ਅਗਲਾ ਨੰਬਰ ਬਾਬਾ ਹਰਦੀਪ ਸਿੰਘ ਮਹਿਰਾਜ ਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਮੁੱਖ ਸੜਕਾਂ 'ਤੇ ਲਗਾਏ ਗਏ ਸਰਕਾਰੀ ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਸਭ ਤੋਂ ਹੇਠਾਂ ਤੀਸਰੇ ਨੰਬਰ 'ਤੇ ਲਿਖਿਆ ਗਿਆ ਹੈ, ਜਦਕਿ ਅੰਗਰੇਜ਼ੀ ਤੇ ਹਿੰਦੀ ਨੂੰ ਉੱਪਰ ਲਿਖਿਆ ਗਿਆ ਹੈ, ਜੋ ਕਿ ਪੰਜਾਬੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੇ। ਇਸ ਦੇ ਕਾਰਨ ਮਾਲਵਾ ਯੂਥ ਫੈੱਡਰੇਸ਼ਨ ਨਾਮਕ ਜਥੇਬੰਦੀ ਨੇ ਇਸ ਮਾਮਲੇ ਨੂੰ ਲਹਿਰ ਬਣਾਇਆ, ਜਿਸ ਨਾਲ ਸੈਂਕੜੇ ਲੋਕ ਜੁੜ ਗਏ। ਇਸ ਤੋਂ ਇਲਾਵਾ ਹੋਰ ਵੀ ਕਈ ਜਥੇਬੰਦੀਆਂ ਇਸ ਮੁਹਿੰਮ ਨੂੰ ਭਖਾ ਰਹੀਆਂ ਹਨ। ਹੁਣ ਇਹ ਲਹਿਰ ਪੰਜਾਬ ਵਿਧਾਨ ਸਭਾ ਹੀ ਨਹੀਂ, ਸਗੋਂ ਲੋਕ ਸਭਾ ਪੱਧਰ 'ਤੇ ਪਹੁੰਚ ਚੁੱਕੀ ਹੈ। ਫੈੱਡਰੇਸ਼ਨ ਦੀ ਇਸ ਲਹਿਰ ਦੀ ਅਗਵਾਈ ਮੁੱਖ ਤੌਰ 'ਤੇ ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਮਹਿਰਾਜ ਦਲ ਖਾਲਸਾ ਵੱਲੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਗੋਨਿਆਣਾ ਰੋਡ 'ਤੇ ਵੱਡੀ ਗਿਣਤੀ 'ਚ ਬੋਰਡਾਂ 'ਤੇ ਹਿੰਦੀ ਅਤੇ ਅੰਗਰੇਜ਼ੀ 'ਤੇ ਕਾਲਖ ਵੀ ਮਲੀ ਗਈ, ਜਿਸ ਕਾਰਨ ਉਕਤ ਸਣੇ ਕਈਆਂ ਵਿਰੁੱਧ ਥਾਣਾ ਥਰਮਲ ਪਲਾਂਟ ਬਠਿੰਡਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ। ਅੱਜ ਸਥਾਨਕ ਪਰਸ ਰਾਮ ਨਗਰ 'ਚੋਂ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਕਤ ਨੂੰ ਸੀ. ਆਈ. ਏ. ਸਟਾਫ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਪਰ ਮੁਕੱਦਮਾ ਥਾਣਾ ਥਰਮਲ ਵਿਖੇ ਦਰਜ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਹੋਰਨਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। 


Related News