ਉਧਾਰ ਪੈਸੇ ਨਾ ਦੇਣ ''ਤੇ ਬਜ਼ੁਰਗ ਜੋੜੇ ਨੂੰ ਕੁੱਟਮਾਰ ਕਰ ਕੇ ਨਕਦੀ ਖੋਹਣ ਵਾਲੇ ਤਿੰਨ ਕਾਬੂ

09/24/2017 1:53:24 AM

ਬੁਢਲਾਡਾ (ਬਾਂਸਲ, ਮਨਚੰਦਾ)-ਪੈਸੇ ਉਧਾਰ ਨਾ ਦੇਣ ਕਾਰਨ ਤਿੰਨ ਵਿਅਕਤੀਆਂ ਵੱਲੋਂ ਬਜ਼ੁਰਗ ਪਤੀ-ਪਤਨੀ ਦੇ ਘਰ ਦਾਖਲ ਹੋ ਕੇ ਕੁੱਟਮਾਰ ਕਰ ਕੇ ਲੁੱਟ ਕਰਨ ਵਾਲੇ ਵਿਅਕਤੀਆਂ ਨੂੰ ਪੁਲਸ ਵੱਲੋਂ ਹਥਿਆਰਾਂ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਡੀ. ਐੱਸ. ਪੀ. ਬੁਢਲਾਡਾ ਰਛਪਾਲ ਸਿੰਘ ਨੇ ਦੱਸਿਆ ਕਿ 19 ਸਤੰੰਬਰ ਦੀ ਰਾਤ ਨੂੰ ਪਿੰਡ ਭਾਦੜਾ ਵਿਖੇ ਹਰਬੰਸ ਕੌਰ ਅਤੇ ਉਸ ਦਾ ਪਤੀ ਗੁਰਜੰਟ ਸਿੰਘ ਆਪਣੇ ਘਰ ਦੇ ਬਰਾਂਡੇ ਵਿਚ ਸੁੱਤੇ ਪਏ ਸਨ ਤਾਂ ਤਿੰਨ ਵਿਅਕਤੀ ਘਰ ਦੀਆਂ ਕੰਧਾਂ ਟੱਪ ਕੇ ਗੁਰਜੰਟ ਸਿੰਘ ਨੂੰ ਕਹਿਣ ਲੱਗੇ ਕਿ ਅਸੀਂ ਕਈ ਦਿਨਾਂ ਤੋਂ ਪੈਸੇ ਉਧਾਰ ਮੰਗ ਰਹੇ ਹਾਂ ਪਰ ਤੁਸੀਂ ਪੈਸੇ ਦੇਣ ਦਾ ਨਾਂ ਹੀ ਨਹੀਂ ਲੈ ਰਹੇ ਕਹਿ ਕੇ ਡੰਡਿਆਂ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਪਤੀ-ਪਤਨੀ ਦੋਵੇਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਲੁਟੇਰੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ 25 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਫਰਾਰ ਹੋ ਗਏ। ਪੁਲਸ ਨੇ ਕੁਝ ਘੰਟਿਆਂ ਬਾਅਦ ਹੀ ਨਾਕਾਬੰਦੀ ਦੌਰਾਨ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਸੋਨੀ ਸਿੰਘ ਉਰਫ ਨੋਨੀ, ਲਾਡੀ ਸਿੰਘ ਉਰਫ ਗੱਗੂ ਅਤੇ ਹਰਵਿੰਦਰ ਸਿੰਘ ਉਰਫ ਬਿੰਦੀ ਵਾਸੀਆਨ ਪਿੰਡ ਭਾਦੜਾ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਖਿਲਾਫ ਧਾਰਾ 459, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਦਰ ਥਾਣੇ ਦੇ ਐੱਸ. ਐੱਚ. ਓ. ਅਤੇ ਤਫਤੀਸ਼ੀ ਜੀਤ ਸਿੰਘ ਆਦਿ ਹਾਜ਼ਰ ਸਨ।    


Related News