ਲਿਫਟ ਮੰਗਣ ਦੇ ਬਹਾਨੇ ਹਮਲਾ ਕਰ ਕੇ ਐਕਟਿਵਾ ਤੇ ਮੋਬਾਇਲ ਖੋਹਣ ਵਾਲਾ ਕਾਬੂ

04/29/2024 2:22:05 PM

ਲੁਧਿਆਣਾ (ਜ.ਬ.) : ਰਾਹ ’ਚ ਲਿਫਟ ਮੰਗ ਕੇ ਕੁੱਟਮਾਰ ਕਰਨ ਮਗਰੋਂ ਐਕਟਿਵਾ, ਮੋਬਾਇਲ ਅਤੇ ਨਕਦੀ ਖੋਹਣ ਵਾਲੇ ਦੋਸ਼ੀ ਨੂੰ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਨੇ ਦੋਸ਼ੀ ਖ਼ਿਲਾਫ਼ ਲੁੱਟ-ਖੋਹ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਸ਼ੀ ਦੀ ਪਛਾਣ ਮੋਗਾ ਦੇ ਸੇਖਾਂ ਚੌਂਕ ਦੇ ਰਹਿਣ ਵਾਲੇ ਗੁਰਜੰਟ ਸਿੰਘ ਵਜੋਂ ਕੀਤੀ ਹੈ। ਦੋਸ਼ੀ ਖ਼ਿਲਾਫ਼ ਪੁਲਸ ਨੇ ਪ੍ਰੀਤ ਨਗਰ ਨਿਊ ਸ਼ਿਮਲਾਪੁਰੀ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਦੇ ਬਿਆਨ ’ਤੇ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਗਏ ਬਿਆਨਾਂ ’ਚ ਤੇਜਇੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਕੰਮ ਤੋਂ ਐਕਟਿਵਾ ’ਤੇ ਸਵਾਰ ਹੋ ਕੇ ਵਾਪਸ ਘਰ ਜਾ ਰਿਹਾ ਸੀ ਕਿ ਰਸਤੇ ’ਚ ਉਸ ਨੂੰ ਪੈਦਲ ਜਾ ਰਹੇ ਉਕਤ ਦੋਸ਼ੀ ਨੇ ਲਿਫਟ ਲੈਣ ਦੇ ਬਹਾਨੇ ਰੋਕਿਆ। ਕੁੱਝ ਦੂਰੀ ’ਤੇ ਜਾ ਕੇ ਦੋਸ਼ੀ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦਾ ਮੋਬਾਈਲ, ਨਕਦੀ ਖੋਹ ਲਈ।ਦੋਸ਼ੀ ਉਸ ਨੂੰ ਜ਼ਖਮੀ ਕਰ ਕੇ ਉਸ ਦੀ ਐਕਟਿਵਾ ਖੋਹ ਕੇ ਫ਼ਰਾਰ ਹੋ ਗਿਆ ਹੈ।

ਜਾਂਚ ਅਫ਼ਸਰ ਨੇ ਦੱਸਿਆ ਕਿ ਵਾਰਦਾਤ ਦੀ ਜਗ੍ਹਾ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਦੋਸ਼ੀ ਦੀ ਪਛਾਣ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਦੋਸ਼ੀ ਤੋਂ ਖੋਹੀ ਹੋਈ ਐਕਟਿਵਾ ਵੀ ਬਰਾਮਦ ਕਰ ਲਈ। ਦੋਸ਼ੀ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਸ ਦੇ ਖ਼ਿਲਾਫ਼ ਪਹਿਲਾਂ ਵੀ ਨਸ਼ਾ ਸਮੱਗਲਿੰਗ ਕਰਨ ਦੇ ਮਾਮਲੇ ਦਰਜ ਹੈ। ਦੋਸ਼ੀ ਨੂੰ ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਉਸ ਤੋਂ ਹੋਰ ਮਾਮਲਿਆਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
 


Babita

Content Editor

Related News