ਪਤਨੀ ਦੀ ਇੱਛਾ ਪੂਰੀ ਕਰਨ ਲਈ ਚੋਰੀ ਕੀਤੀ ਕਾਰ

09/09/2017 3:34:38 AM

ਲੁਧਿਆਣਾ(ਪੰਕਜ)-ਜਨਮ ਦਿਨ 'ਤੇ ਪਤਨੀ ਵਲੋਂ ਕਾਰ 'ਚ ਘੁਮਾਉਣ ਸਬੰਧੀ ਜ਼ਾਹਿਰ ਇੱਛਾ ਨੂੰ ਪੂਰਾ ਕਰਨ ਲਈ ਪਤੀ ਨੇ ਨਾ ਸਿਰਫ ਕਾਰ ਚੋਰੀ ਕਰ ਲਈ, ਬਲਕਿ ਫੜੇ ਜਾਣ 'ਤੇ ਚੋਰੀ ਕੀਤੇ 2 ਮੋਟਰਸਾਈਕਲ ਵੀ ਪੁਲਸ ਨੂੰ ਬਰਾਮਦ ਕਰਵਾ ਦਿੱਤੇ। ਇਹ ਕਹਾਣੀ ਕਿਸੇ ਟੈਲੀਵਿਜ਼ਨ ਸੀਰੀਅਲ ਦੀ ਨਹੀਂ ਬਲਕਿ ਸ਼ੇਰਪੁਰ ਪੁਲਸ ਵੱਲੋਂ ਫੜੇ ਗਏ ਇਕ ਦੋਸ਼ੀ ਦੀ ਹੈ। ਥਾਣਾ ਡਾਬਾ ਦੇ ਅਧੀਨ ਆਉਂਦੇ ਇਲਾਕੇ 'ਚ ਰਹਿਣ ਵਾਲਾ ਦੋਸ਼ੀ ਇਕ ਬੱਚੇ ਦਾ ਪਿਓ ਹੈ। ਬੀਤੇ ਦਿਨੀਂ ਉਸ ਦੀ ਪਤਨੀ ਦਾ ਜਨਮ ਦਿਨ ਸੀ, ਉਸ ਦੀ ਪਤਨੀ ਨੇ ਕਾਰ 'ਚ ਘੁੰਮਣ ਦੀ ਇੱਛਾ ਜ਼ਾਹਿਰ ਕੀਤੀ। ਦੋਸ਼ੀ ਆਰਥਿਕ ਰੂਪ 'ਚ ਇੰਨਾ ਮਜ਼ਬੂਤ ਨਹੀਂ ਸੀ ਕਿ ਪਤਨੀ ਨੂੰ ਖੁਸ਼ ਕਰਨ ਲਈ ਕਾਰ ਦਾ ਇੰਤਜ਼ਾਮ ਕਰ ਸਕਦਾ, ਇਸ ਲਈ ਉਸ ਨੇ ਇਹ ਕਦਮ ਚੁੱਕਿਆ। ਪੁਲਸ ਹਿਰਾਸਤ 'ਚ ਪੁੱਛਗਿੱਛ ਦੌਰਾਨ ਦੋਸ਼ੀ ਨੇ ਕਬੂਲਿਆ ਕਿ ਪਤਨੀ ਦੀ ਇੱਛਾ ਪੂਰੀ ਕਰਨ ਲਈ ਉਹ ਫਗਵਾੜਾ ਚਲਾ ਗਿਆ, ਜਿੱਥੇ ਉਸ ਨੇ ਮੌਕਾ ਮਿਲਣ 'ਤੇ ਇਕ ਦੁਕਾਨਦਾਰ ਦੇ ਕਾਊਂਟਰ 'ਤੇ ਪਈ ਕਾਰ ਦੀ ਚਾਬੀ ਚੁੱਕ ਲਈ ਅਤੇ ਸਮਾਂ ਮਿਲਦੇ ਹੀ ਕਾਰ ਚੋਰੀ ਕਰ ਕੇ ਲੁਧਿਆਣਾ ਵੱਲ ਨਿਕਲ ਗਿਆ। ਇਸ ਦੌਰਾਨ ਸ਼ੇਰਪੁਰ ਪੁਲਸ ਨੇ ਚੌਕੀ ਦੀ ਟੀਮ ਵਲੋਂ ਲਾਏ ਗਏ ਨਾਕੇ 'ਤੇ ਜਦ ਪੁਲਸ ਕਰਮਚਾਰੀਆਂ ਨੇ ਉਸ ਦੀ ਗੱਡੀ ਰੁਕਵਾ ਕੇ ਕਾਗਜ਼ਾਤ ਦਿਖਾਉਣ ਨੂੰ ਕਿਹਾ ਕਿ ਤਾਂ ਉਹ ਘਬਰਾ ਗਿਆ। ਸ਼ੱਕ ਹੋਣ 'ਤੇ ਪੁਲਸ ਕਰਮਚਾਰੀ ਉਸ ਨੂੰ ਫੜ ਕੇ ਲੈ ਗਏ। ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ। ਜਿਸ ਨੂੰ ਸੁਣ ਕੇ ਜਾਂਚ ਅਧਿਕਾਰੀ ਵੀ ਹੈਰਾਨ ਰਹਿ ਗਏ। ਇਸ ਦੌਰਾਨ ਦੋਸ਼ੀ ਨੇ ਪੁਲਸ ਨੂੰ 2 ਹੋਰ ਮੋਟਰਸਾਈਕਲ ਸਬੰਧੀ ਵੀ ਜਾਣਕਾਰੀ ਦਿੱਤੀ, ਜੋ ਕਿ ਉਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਚੋਰੀ ਕੀਤੇ ਸਨ।ਹਾਲਾਂਕਿ ਪੂਰੇ ਮਾਮਲੇ 'ਤੇ ਪੁਲਸ ਚੁੱਪ ਧਾਰੀ ਬੈਠੀ ਹੈ ਪਰ ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਨਾ ਸਿਰਫ ਵਾਹਨ ਚੋਰੀ ਦਾ ਆਦੀ ਹੈ ਬਲਕਿ ਉਸ ਕੋਲੋਂ ਚੋਰੀ ਦੇ ਹੋਰ ਵੀ ਵਾਹਨ ਮਿਲਣ ਦੀ ਸੰਭਾਵਨਾ ਹੈ। ਇਸ ਵਜ੍ਹਾ ਨਾਲ ਪੁਲਸ ਗੁੱਪਚੁੱਪ ਢੰਗ ਨਾਲ ਦੋਸ਼ੀ ਤੋਂ ਬਾਕੀ ਵਾਹਨਾਂ ਦੀ ਜਾਣਕਾਰੀ ਲੈਣ 'ਚ ਜੁਟੀ ਹੋਈ ਹੈ। 
ਹੈਰਾਨ ਪਰਿਵਾਰ ਅਤੇ ਪ੍ਰੇਸ਼ਾਨ ਪਤਨੀ
ਦੋਸ਼ੀ ਦੀਆਂ ਕਰਤੂਤਾਂ ਨੂੰ ਜਾਣ ਕੇ ਜਿੱਥੇ ਉਸ ਦਾ ਪਰਿਵਾਰ ਹੈਰਾਨ ਹੈ, ਉਥੇ ਉਸ ਦੀ ਪਤਨੀ ਖਾਸੀ ਪ੍ਰੇਸ਼ਾਨ ਹੈ। ਉਹ ਕਾਰ 'ਚ ਘੁੰਮਣ ਸਬੰਧੀ ਜ਼ਾਹਿਰ ਕੀਤੀ ਆਪਣੀ ਖੁਆਇਸ਼ ਲਈ ਖੁਦ ਨੂੰ ਕੋਸਦੀ ਨਜ਼ਰ ਆਈ। 


Related News