ਅਰਮਾਨ ਦੀ ਹੱਤਿਆ ’ਤੇ ਸ਼ਹਿਰ ’ਚ ਛਾਇਆ ਮਾਤਮ ਪਰ MLA ਨੇ ਮਨਾਇਆ ਜਨਮ ਦਿਨ
Sunday, Nov 24, 2019 - 11:15 AM (IST)

ਅਬੋਹਰ (ਸੁਨੀਲ) - 12 ਸਾਲਾ ਅਰਮਾਨ ਦੀ ਲਾਸ਼ ਮਲੋਟ ਰੋਡ ’ਤੇ ਰੇਲਵੇ ਪੁਲ ਨੇੜੇ ਬਰਾਮਦ ਹੋਣ ਦੀ ਘਟਨਾ ਨੇ ਜਿਥੇ ਅਬੋਹਰ ਉਪਮੰਡਲ ਨੂੰ ਮਾਤਮ ’ਚ ਡੁਬੋ ਦਿੱਤਾ, ਉਥੇ ਹੀ ਐੱਲ. ਆਰ. ਐੱਸ. ਡੀ. ਏ. ਵੀ. ਸੀ. ਸੈ. ਮਾਡਲ ਸਕੂਲ ਤੋਂ ਇਲਾਵਾ ਰਾਸਾ ਤਹਿਤ ਇਸ ਸੰਸਥਾ ਨਾਲ ਜੁੜੇ ਨਿੱਜੀ ਸਕੂਲਾਂ ਵਲੋਂ ਸ਼ਰਧਾਂਜਲੀ ਵਜੋਂ ਛੁੱਟੀ ਦਾ ਐਲਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਅਰਮਾਨ ਦੀ ਮੌਤ ਦਾ ਸੋਗ ਮਨਾਉਣ ਦੀ ਥਾਂ ਭਾਜਪਾ ਵਿਧਾਇਕ ਅਰੁਣ ਨਾਰੰਗ ਗਊਸ਼ਾਲਾ ਰੋਡ ’ਤੇ ਸਥਿਤ ਆਪਣੇ ਨਿਵਾਸ ’ਤੇ ਆਪਣਾ 64ਵਾਂ ਜਨਮ ਦਿਨ ਮਨਾ ਰਹੇ ਸਨ। ਇਸ ਮੌਕੇ ਕੁਝ ਲੋਕ ਵਿਸ਼ੇਸ਼ ਰੂਪ ਤੋਂ ਜਨਮ ਦਿਨ ’ਤੇ ਬਣਾਇਆ ਕੇਕ ਅਤੇ ਮਠਿਆਈ ਲੈ ਕੇ ਪਹੁੰਚੇ, ਜਿਨ੍ਹਾਂ ਨੇ ਨਾਰੰਗ ਦਾ ਮੂੰਹ ਮਿੱਠਾ ਕਰਵਾਇਆ। ਵਿਧਾਇਕ ਨੇ ਵਧਾਈ ਦੇਣ ਲਈ ਪਹੁੰਚੇ ਵਰਕਰਾਂ ਨੂੰ ਮਠਿਆਈ ਵੀ ਖੁਆਈ।
ਜਨਮ ਦਿਨ ਮਨਾਉਣ ਦੀ ਤਸਵੀਰ ਫੇਸਬੁੱਕ ਰਾਹੀਂ ਸ਼ੇਅਰ ਕਰਨ ’ਤੇ ਪੂਰੇ ਸ਼ਹਿਰ ’ਚ ਚਰਚਾ ਛਿੜ ਗਈ। ਲੋਕਾਂ ਨੇ ਇਸ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਕੱਲ ਜਦੋਂ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਸਮੇਤ ਹਜ਼ਾਰਾਂ ਲੋਕਾਂ ’ਚ ਰੋਸ ਅਤੇ ਅਫਸੋਸ ਸੀ ਤਾਂ ਅਜਿਹੇ ਮਾਹੌਲ ’ਚ ਵਿਧਾਇਕ ਦਾ ਜਨਮ ਦਿਨ ਮਨਾਉਣਾ ਸੰਵੇਦਨਹੀਣਤਾ ਦੀ ਜਾਣ-ਪਛਾਣ ਦਿੰਦਾ ਹੈ। ਅਗਵਾ ਤੋਂ ਬਾਅਦ ਅਰਮਾਨ ਦੀ ਹੱਤਿਆ ਦਾ ਖੁਲਾਸਾ ਹੋਣ ਨਾਲ ਹੋਰ ਸ਼ਹਿਰਾਂ ਦੇ ਵੀ ਹਜ਼ਾਰਾਂ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਫੋਨ ’ਤੇ ਇਸ ਦੀ ਜਾਣਕਾਰੀ ਲਈ ਅਤੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਪਰ ਭਾਜਪਾ ਵਰਕਰਾਂ ਨੇ ਜਿਸ ਤਰ੍ਹਾਂ ਜਨਮ ਦਿਨ ਦਾ ਜਸ਼ਨ ਮਨਾਇਆ, ਉਸ ਨਾਲ ਸਮਾਜ ਸੇਵੀ ਸੰਸਥਾਵਾਂ ਦੇ ਵਰਕਰਾਂ ਦਾ ਸਿਰ ਵੀ ਸ਼ਰਮ ਨਾਲ ਝੁੱਕ ਗਿਆ।
ਵਿਧਾਇਕ ਨਾਰੰਗ ਨਾਲ ਜਦੋਂ ਇਸ ਬਾਰੇ ਪ੍ਰਤੀਕਿਰਿਆ ਜਾਣਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਈ ਵਰਕਰ ਮਠਿਆਈ ਅਤੇ ਕੇਕ ਲੈ ਕੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਆ ਪਹੁੰਚੇ ਅਤੇ ਜਨਮ ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਲਈ ਇਸ ਸਥਿਤੀ ਨੂੰ ਇਨਕਾਰ ਕਰਨਾ ਅਸੰਭਵ ਸੀ ਅਤੇ ਉਨ੍ਹਾਂ ਨੂੰ ਅਰਮਾਨ ਦੀ ਹੱਤਿਆ ’ਤੇ ਗਹਿਰਾ ਅਫਸੋਸ ਹੈ। ਸ਼੍ਰੀ ਨਾਰੰਗ ਨੇ ਕਿਹਾ ਕਿ ਪੁਲਸ ਨੇ ਅਗਵਾ ਅਤੇ ਹੱਤਿਆ ਦੀ ਗੁੱਥੀ ਸੁਲਝਾਉਣ ’ਚ ਕਾਫੀ ਮਿਹਨਤ ਕੀਤੀ ਪਰ ਨਤੀਜਾ ਨਿਰਾਸ਼ਾਜਨਕ ਹੀ ਰਿਹਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਹੱਤਿਆਕਾਂਡ ਲਈ ਜ਼ਿੰਮੇਵਾਰ ਦੋਵਾਂ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਈ ਜਾਵੇਗੀ।