''ਆਪ੍ਰੇਸ਼ਨ ਸਿੰਦੂਰ'' ਨਾਲ ਦੁਨੀਆ ਨੇ ਵੇਖੀ ਹਿੰਦੁਸਤਾਨ ਦੀ ਤਾਕਤ : ਬਿੱਟਾ

Wednesday, May 14, 2025 - 01:33 PM (IST)

''ਆਪ੍ਰੇਸ਼ਨ ਸਿੰਦੂਰ'' ਨਾਲ ਦੁਨੀਆ ਨੇ ਵੇਖੀ ਹਿੰਦੁਸਤਾਨ ਦੀ ਤਾਕਤ : ਬਿੱਟਾ

ਜਲੰਧਰ- ਐਂਟੀ-ਟੈਰੇਰਿਸਟ ਫਰੰਟ ਦੇ ਮੁਖੀ ਐੱਮ. ਐੱਸ. ਬਿੱਟਾ ਨੇ ‘ਆਪ੍ਰੇਸ਼ਨ ਸਿੰਦੂਰ’ ਨੂੰ ਭਾਰਤੀ ਫ਼ੌਜ ਦੀ ਬਹਾਦਰੀ ਦੀ ਹਿੰਮਤ ਭਰੀ ਗਾਥਾ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਰਾਹੀਂ ਭਾਰਤ ਨੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ਅੱਜ ਦੁਨੀਆ ਦੀ ਵੱਡੀ ਤਾਕਤ ਬਣ ਚੁੱਕਾ ਹੈ, ਜਿਸ ਦੇ ਅੱਗੇ ਸਾਰੇ ਫਿੱਕੇ ਹਨ। ਭਾਰਤੀ ਰੱਖਿਆ ਪ੍ਰਣਾਲੀ ਦੇ ਅੱਗੇ ਚੀਨ ਤੇ ਤੁਰਕੀ ਦੀ ਮਾਰੂ ਸਮਰੱਥਾ ਜਿਸ ਢੰਗ ਨਾਲ ਢੇਰ ਹੋਈ ਹੈ, ਉਸ ਨਾਲ ਇਹ ਦੇਸ਼ ਵੀ ਚਿੰਤਾ ਵਿਚ ਪੈ ਗਏ ਹਨ। ਬਿੱਟਾ ਨੇ ਕਿਹਾ ਕਿ ਇਸ ਆਪ੍ਰੇਸ਼ਨ ਨੇ ਪੂਰੇ ਭਾਰਤ ਨੂੰ ਵੀ ਭਾਵਨਾਤਮਕ ਤੌਰ ’ਤੇ ਇਕਜੁੱਟ ਕਰਨ ਦਾ ਕੰਮ ਕੀਤਾ ਹੈ। ਸਾਰੇ ਭਾਈਚਾਰੇ, ਸਾਰੇ ਸੂਬੇ, ਸਾਰੀਆਂ ਪਾਰਟੀਆਂ ਬਿਨਾਂ ਸ਼ਰਤ ਕੇਂਦਰ ਸਰਕਾਰ ਨਾਲ ਆ ਖੜ੍ਹੀਆਂ ਹੋਈਆਂ, ਜੋ ਵੱਡੀ ਗੱਲ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ 15 ਮਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸ਼ਹਿਰ ਵਾਸੀ ਦੇਣ ਧਿਆਨ

ਹਾਲਾਂਕਿ ਬਿੱਟਾ ਇਸ ਸੰਵੇਦਨਸ਼ੀਲ ਸਮੇਂ ’ਚ ਪੰਜਾਬ ਦੇ ਕੁਝ ਕਥਿਤ ਨੇਤਾਵਾਂ ਦੀ ਭੂਮਿਕਾ ’ਤੇ ਵੀ ਸਵਾਲ ਉਠਾਉਂਦੇ ਹਨ। ਉਹ ਪੰਜਾਬ ਦੇ ਸਰਹੱਦੀ ਪਿੰਡਾਂ ਦੀ ਯਾਤਰਾ ’ਤੇ ਸਨ ਜਿੱਥੇ ਪਾਕਿਸਤਾਨ ਦੀ ਗੋਲ਼ੀਬਾਰੀ ਨਾਲ ਨੁਕਸਾਨ ਹੋਇਆ ਹੈ। ਇਸ ਦੌਰਾਨ ਉਹ ਪੰਜਾਬ ਕੇਸਰੀ, ਹਿੰਦ ਸਮਾਚਾਰ ਪੱਤਰ ਸਮੂਹ ਦੇ ਮੁੱਖ ਦਫ਼ਤਰ ’ਚ ਵੀ ਪਹੁੰਚੇ ਜਿੱਥੇ ਪੰਜਾਬ ਕੇਸਰੀ ਟੀ. ਵੀ. ਦੇ ਪੱਤਰਕਾਰ ਸੰਜੀਵ ਸ਼ਰਮਾ ਨੇ ਉਨ੍ਹਾਂ ਨਾਲ 'ਆਪ੍ਰੇਸ਼ਨ ਸਿੰਦੂਰ' ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਬਿੱਟਾ ਨੇ ਖੁੱਲ੍ਹ ਕੇ ਆਪਣੀ ਗੱਲ ਰੱਖੀ।

ਭਾਰਤ ਨੇ ਸਿਰਫ਼ ਜਵਾਬ ਦਿੱਤਾ, ਨਹੀਂ ਕੀਤੀ ਪਹਿਲ
ਬਿੱਟਾ ਮੁਤਾਬਕ ਮੌਜੂਦਾ ਸੰਘਰਸ਼ ਲਈ ਇਕੋ-ਇਕ ਜ਼ਿੰਮੇਵਾਰ ਪਾਕਿਸਤਾਨ ਹੈ, ਜਿਸ ਨੇ ਆਪਣੀ ਫਿਤਰਤ ਮੁਤਾਬਕ ਪਹਿਲਗਾਮ ’ਚ ਅੱਤਵਾਦੀ ਹਮਲਾ ਕਰਵਾਇਆ। ਭਾਰਤ ਨੇ ਉਸ ਦੇ ਜਵਾਬ ’ਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਚੱਲ ਰਹੇ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਭਾਰਤ ਚਾਹੁੰਦਾ ਤਾਂ ਪਾਕਿਸਤਾਨ ਨੂੰ ਤਬਾਹ ਕਰ ਸਕਦਾ ਸੀ ਪਰ ਸਾਡੀਆਂ ਫ਼ੌਜਾਂ ਨੇ ਸਿਰਫ਼ ਅੱਤਵਾਦੀ ਕੈਂਪਾਂ ’ਤੇ ਹੀ ਸਟ੍ਰਾਈਕ ਕੀਤੀ।

ਇਹ ਵੀ ਪੜ੍ਹੋ: ...ਜਦੋਂ ਆਦਮਪੁਰ ਹਵਾਈ ਅੱਡੇ ਤੋਂ ਸਿਰਫ਼ 2 ਯਾਤਰੀਆਂ ਨਾਲ ਉੱਡੀ ਫਲਾਈਟ

ਪਾਕਿਸਤਾਨ ਇਸ ਤੋਂ ਬੌਖਲਾ ਗਿਆ ਅਤੇ ਉਸ ਨੇ ਸਾਡੇ ਨਾਗਰਿਕਾਂ, ਸਾਡੇ ਫ਼ੌਜੀ ਟਿਕਾਣਿਆਂ ਨੂੰ ਟਾਰਗੈੱਟ ਕਰਨ ਦੀ ਜੁਰਅਤ ਕਰ ਦਿੱਤੀ। ਇਸ ਸਥਿਤੀ ’ਚ ਭਾਰਤ ਨੇ ਜਵਾਬ ਦੇਣਾ ਹੀ ਸੀ। ਹਾਲਾਂਕਿ ਇਥੇ ਵੀ ਹਿੰਦੁਸਤਾਨ ਨੇ ਸੰਜਮ ਤੇ ਸਮਝਦਾਰੀ ਵਿਖਾਉਂਦੇ ਹੋਏ ਸਿਰਫ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਗੱਲ ਵਧੀ ਤਾਂ ਪਾਕਿਸਤਾਨ ਦੇ ਫ਼ੌਜੀ ਟਿਕਾਣਿਆਂ ਦੇ ਆਸ-ਪਾਸ ਹਮਲੇ ਕੀਤੇ ਗਏ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਬਿਲਕੁਲ ਨਿਸ਼ਾਨਾ ਨਹੀਂ ਬਣਾਇਆ ਗਿਆ ਤਾਂ ਜੋ ਜਨਤਾ ਦਾ ਨੁਕਸਾਨ ਨਾ ਹੋਵੇ ਪਰ ਪਾਕਿਸਤਾਨ ਨੇ ਇਸ ਤੋਂ ਉਲਟ ਭਾਰਤ ਦੇ ਵੱਡੇ ਨਗਰਾਂ ਇੱਥੋਂ ਤਕ ਕਿ ਦਿੱਲੀ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਜਵਾਬ ਉਸ ਨੂੰ ਦਿੱਤਾ ਗਿਆ।

ਫੇਲ੍ਹ ਹੋ ਗਏ ਤੁਰਕੀ ਤੇ ਅਮਰੀਕਾ ਦੇ ਹਥਿਆਰ
ਐੱਮ. ਐੱਸ. ਬਿੱਟਾ ਕਹਿੰਦੇ ਹਨ ਕਿ 'ਆਪ੍ਰੇਸ਼ਨ ਸਿੰਦੂਰ' ਨੇ ਭਾਰਤੀ ਰੱਖਿਆ ਸਮਰੱਥਾ ਦਾ ਪੂਰੀ ਦੁਨੀਆ ’ਚ ਲੋਹਾ ਮੰਨਵਾਇਆ ਹੈ। ਪਾਕਿਸਤਾਨ ਨੇ ਚੀਨ, ਤੁਰਕੀ ਤੇ ਅਮਰੀਕਾ ਤੋਂ ਉਸ ਨੂੰ ਮਿਲੇ ਸਾਰੇ ਹਥਿਆਰ ਅਜ਼ਮਾਏ ਪਰ ਇਹ ਸਭ ਭਾਰਤੀ ਰੱਖਿਆ ਪ੍ਰਣਾਲੀ ਨੂੰ ਵਿੰਨ੍ਹ ਨਹੀਂ ਸਕੇ। ਸਾਡੀ ਰੱਖਿਆ ਪ੍ਰਣਾਲੀ ਨੇ ਪਾਕਿਸਤਾਨ ਦੇ ਹਰ ਹਮਲੇ ਨੂੰ ਇੰਝ ਨਾਕਾਮ ਕਰ ਦਿੱਤਾ ਜਿਵੇਂ ਖਤਰਨਾਕ ਡਰੋਨ ਨਹੀਂ, ਸਗੋਂ ਉੱਡਦੇ ਹੋਏ ਪਤੰਗ ਕੱਟੇ ਹੋਣ। ਬੌਖਲਾਏ ਪਾਕਿਸਤਾਨ ਨੇ ਫਤਹਿ ਮਿਜ਼ਾਈਲ ਦਾਗ ਦਿੱਤੀ ਤਾਂ ਜੋ ਦਿੱਲੀ ਨੂੰ ਤਬਾਹ ਕੀਤਾ ਜਾ ਸਕੇ ਪਰ ਭਾਰਤੀ ਰੱਖਿਆ ਪ੍ਰਣਾਲੀ ਇੱਥੇ ਵੀ ਸ੍ਰੇਸ਼ਠ ਸਾਬਤ ਹੋਈ ਅਤੇ ਉਸ ਨੇ ਫਤਹਿ ਮਿਜ਼ਾਈਲ ਨੂੰ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਬੇਅਸਰ ਕਰਕੇ ਡੇਗ ਦਿੱਤਾ। ਇਸ ਸਭ ਨਾਲ ਪਾਕਿਸਤਾਨ ਦੇ ਨਾਲ-ਨਾਲ ਚੀਨ ਅਤੇ ਅਮਰੀਕਾ ਨੂੰ ਵੀ ਫਿਕਰ ਪੈ ਗਿਆ। ਉਨ੍ਹਾਂ ਦੀ ਹਥਿਆਰਾਂ ਦੀ ਮਾਰਕੀਟ ਤਬਾਹ ਹੁੰਦੀ ਵੇਖ ਕੇ ਅਮਰੀਕਾ ਵਿਚ ਪੈ ਗਿਆ ਅਤੇ ਉਸ ਨੇ ਪਾਕਿਸਤਾਨ ਵੱਲੋਂ ਸੁਲ੍ਹਾ ਦੀ ਪਹਿਲ ਕਰਵਾਈ ਪਰ ਹੁਣ ਇਹ ਤੈਅ ਹੋ ਗਿਆ ਹੈ ਕਿ ਜੇ ਕੋਈ ਸਮਝੌਤਾ ਹੁੰਦਾ ਹੈ ਤਾਂ ਉਹ ਭਾਰਤ ਦੀ ਮਰਜ਼ੀ ਅਨੁਸਾਰ ਹੋਵੇਗਾ। ਬਿੱਟਾ ਇਸ ਗੱਲ ਦੇ ਵੀ ਹਮਾਇਤੀ ਹਨ ਕਿ ਸਮਝੌਤੇ ਦੀ ਹਾਲਤ ’ਚ ਚੀਨ ਤੇ ਅਮਰੀਕਾ ਦੇ ਵੀ ਉਸ ਉੱਪਰ ਬਤੌਰ ਗਾਰੰਟਰ ਜਾਂ ਗਵਾਹ ਹਸਤਾਖਰ ਹੋਣੇ ਚਾਹੀਦੇ ਹਨ ਤਾਂ ਜੋ ਭਵਿੱਖ ’ਚ ਪਾਕਿਸਤਾਨ ਕੋਈ ਨਾਪਾਕ ਹਰਕਤ ਕਰੇ ਤਾਂ ਉਨ੍ਹਾਂ ਦੀ ਵੀ ਜਵਾਬਦੇਹੀ ਤੈਅ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਅਗਲੇ ਹੁਕਮਾਂ ਤੱਕ ਲੱਗੀ ਇਹ ਵੱਡੀ ਪਾਬੰਦੀ

ਪੰਜਾਬ ਦੇ ਕਥਿਤ ਠੇਕੇਦਾਰਾਂ ਨੂੰ ਘੇਰਿਆ, ਸਿਮਰਨਜੀਤ ਮਾਨ ਨੂੰ ਪਾਕਿਸਤਾਨ ਜਾਣ ਦੀ ਸਲਾਹ
ਬਿੱਟਾ ਨੇ ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਪੰਜਾਬ ਦੇ ਉਨ੍ਹਾਂ ਨੇਤਾਵਾਂ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ ਜੋ ਖ਼ੁਦ ਨੂੰ ਪੰਜਾਬ ਦਾ ਕਥਿਤ ਸਰਮਾਏਦਾਰ ਕਹਿੰਦੇ ਹਨ ਪਰ ਇਸ ਸੰਘਰਸ਼ ਦੌਰਾਨ ਉਨ੍ਹਾਂ ਦੇ ਮੂੰਹ ਵਿਚੋਂ ਭਾਰਤ ਦੇ ਪੱਖ ਵਿਚ ਇਕ ਵੀ ਸ਼ਬਦ ਨਹੀਂ ਨਿਕਲਿਆ। ਬਿੱਟਾ ਕਹਿੰਦੇ ਹਨ ਕਿ ਗੱਲ-ਗੱਲ ’ਤੇ ਸਿੱਖਾਂ ਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਵਰਗੇ ਸਾਰੇ ਨੇਤਾਵਾਂ ਦੀ ਬਿੱਲੀ ਥੈਲੇ ’ਚੋਂ ਬਾਹਰ ਆ ਗਈ ਹੈ। ਕਿੱਥੇ ਤਾਂ ਉਨ੍ਹਾਂ ਨੂੰ ‘ਨੇਸ਼ਨ ਫਸਟ’ ਦੀ ਧਾਰਨਾ ਦੀ ਪਾਲਣਾ ਕਰਦੇ ਹੋਏ ਹਿੰਦੁਸਤਾਨ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਸੀ ਪਰ ਇਸ ਤੋਂ ਉਲਟ ਮਾਨ ਇਹ ਕਹਿਣ ਲੱਗੇ ਕਿ ਬਾਰਡਰ ਖੋਲ੍ਹ ਦੇਣੇ ਚਾਹੀਦੇ ਹਨ। ਇਕ ਪਾਸੇ ਜਿੱਥੇ ਓਵੈਸੀ ਵਰਗੇ ਲੀਡਰ ਜਿਨ੍ਹਾਂ ਨੂੰ ਅਸੀਂ ਮਜ਼ਹਬੀ ਨਫਰਤ ਫੈਲਾਉਣ ਵਾਲੇ ਕਹਿੰਦੇ ਸੀ, ਉਹ ‘ਹਿੰਦੁਸਤਾਨ ਜ਼ਿੰਦਾਬਾਦ’ ਕਹਿਣ ਲੱਗੇ। ਕਸ਼ਮੀਰ ਦੇ ਕਿਸੇ ਵੀ ਵੱਖਵਾਦੀ ਨੇਤਾ ਨੇ ਪਾਕਿਸਤਾਨ ਦਾ ਪੱਖ ਨਹੀਂ ਲਿਆ। ਦੂਜੇ ਪਾਸੇ ਅਜਿਹੇ ਲੋਕ ਭਾਰਤ ਵਿਰੋਧੀ ਗੱਲਾਂ ਕਰਦੇ ਰਹੇ।
ਬਿੱਟਾ ਨੇ ਦੋਸ਼ ਲਾਇਆ ਕਿ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ’ਚ ਨਿਹੰਗਾਂ ਦੇ ਬਾਣੇ ’ਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ। ਪਾਣੀ ਬੰਦ ਕਰਨ ਦੇ ਫੈਸਲੇ ’ਤੇ ਕੁਝ ਕਥਿਤ ਸਿੱਖ ਨੇਤਾਵਾਂ ਨੇ ਰਾਸ਼ਟਰ ਵਿਰੋਧੀ ਬਿਆਨਬਾਜ਼ੀ ਕੀਤੀ। ਇਸ ਨਾਲ ਤੈਅ ਹੋ ਗਿਆ ਕਿ ਉਹ ਸਾਰੇ ਪਾਕਿਸਤਾਨ ਤੋਂ ਫੰਡਿੰਗ ਹਾਸਲ ਕਰਦੇ ਹਨ, ਜੋ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਪੰਜਾਬ ਨੂੰ ਅੱਜ ਇਨ੍ਹਾਂ ਤੋਂ ਕਿਤੇ ਜ਼ਿਆਦਾ ਖਤਰਾ ਹੈ। ਇਨ੍ਹਾਂ ’ਤੇ ਨੁਕੇਲ ਕੱਸਣੀ ਪਵੇਗੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਇਹ ਇਲਾਕਾ

ਉੱਧਰ ਪੰਨੂ ਵਰਗੇ ਲੋਕ ਵੀ ਮੌਕੇ ਦਾ ਫਾਇਦਾ ਉਠਾ ਕੇ ਹਿੰਦੂਆਂ-ਸਿੱਖਾਂ ਨੂੰ ਲੜਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਵੀ ਮੂੰਹ ਦੀ ਖਾਣੀ ਪਈ। ਬਿੱਟਾ ਮੁਤਾਬਕ ਪੰਨੂ ਤਾਂ ਹੈ ਹੀ ਵਿਦੇਸ਼ੀ ਅੱਤਵਾਦੀ ਪਰ ਪੰਜਾਬ ਦੇ ਨੇਤਾ ਵੀ ਇਸ ਦੌਰਾਨ ਪੂਰੀ ਦੁਨੀਆ ਸਾਹਮਣੇ ਬੇਨਕਾਬ ਹੋ ਗਏ ਅਤੇ ਹੁਣ ਪੰਜਾਬ ਦੀ ਜਨਤਾ ਨੂੰ ਇਨ੍ਹਾਂ ਬਾਰੇ ਸੋਚਣਾ ਪਵੇਗਾ ਕਿ ਇਹ ਕਿਸੇ ਦੇ ਨਹੀਂ ਹਨ, ਪੰਜਾਬ ਦੇ ਤਾਂ ਬਿਲਕੁਲ ਨਹੀਂ। ਬਿੱਟਾ ਜੋਸ਼ ਵਿਚ ਕਹਿੰਦੇ ਹਨ ਕਿ ਸਿਮਰਨਜੀਤ ਸਿੰਘ ਮਾਨ ਨੂੰ ਪਾਕਿਸਤਾਨ ਹੀ ਚਲੇ ਜਾਣਾ ਚਾਹੀਦਾ ਹੈ। ਅਸੀਂ ਸਿੱਖ, ਈਸਾਈ, ਮੁਸਲਮਾਨ ਤੇ ਹਿੰਦੂ ਬਾਅਦ ’ਚ ਹਾਂ, ਹਿੰਦੁਸਤਾਨੀ ਪਹਿਲਾਂ ਹਾਂ। ਸਾਡੇ ਲਈ ਰਾਸ਼ਟਰ ਪਹਿਲਾਂ ਹੋਣਾ ਚਾਹੀਦਾ ਹੈ ਅਤੇ ਇਹੀ ਸੁਨੇਹਾ ਸਾਡੇ ਪੂਜਨੀਕ ਸਿੱਖ ਗੁਰੂਆਂ ਦਾ ਵੀ ਹੈ ਪਰ ਕੁਝ ਚੋਣਵੇਂ ਸਿੱਖ ਨੇਤਾਵਾਂ ਨੇ ਇਸ ਮਾਮਲੇ ’ਚ ਕੌਮ ਨੂੰ ਵੀ ਕਲੰਕ ਲਾਉਣ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਨੇ ਦਿੱਤੀ ਰੇਲ ਰੋਕੋ ਅੰਦੋਲਨ ਦੀ ਚਿਤਾਵਨੀ, ਜਾਣੋ ਕਿਉਂ

ਪਾਕਿ ਮਕਬੂਜ਼ਾ ਕਸ਼ਮੀਰ ਲੈਣਾ ਹੀ ਚਾਹੀਦਾ ਹੈ
ਦੇਸ਼ ਵਿਚ ਇਸ ਵੇਲੇ ਪੀ. ਓ. ਕੇ. ਨੂੰ ਲੈ ਕੇ ਹੀ ਬਹਿਸ ਛਿੜੀ ਹੋਈ ਹੈ। ਜੇ ਭਾਰਤ ਪੀ. ਓ. ਕੇ. ਲਵੇਗਾ ਤਾਂ ਕੀ ਉੱਥੋਂ ਦੀ ਆਬਾਦੀ ਸਾਡੇ ਲਈ ਪ੍ਰੇਸ਼ਾਨੀ ਨਹੀਂ ਬਣੇਗੀ? ਇਸ ਸਵਾਲ ’ਤੇ ਬਿੱਟਾ ਕਹਿੰਦੇ ਹਨ ਕਿ ਇਹ ਕੋਈ ਵੱਡੀ ਗੱਲ ਨਹੀਂ। ਅੱਜ ਭਾਰਤ ਜਿਸ ਪੁਜ਼ੀਸ਼ਨ ’ਤੇ ਹੈ, ਸਾਡੀ ਲੀਡਰਸ਼ਿਪ ਇਸ ਮਾਮਲੇ ’ਚ ਯਕੀਨੀ ਤੌਰ ’ਤੇ ਪਹਿਲਾਂ ਹੀ ਸਪਸ਼ਟ ਮੰਥਨ ਕਰ ਚੁੱਕੀ ਹੋਵੇਗੀ। ਮੋਦੀ ਸਰਕਾਰ ਨੇ ਕਸ਼ਮੀਰ ਵਿਚ ਸਥਿਤੀਆਂ ਬਦਲ ਕੇ ਰੱਖ ਦਿੱਤੀਆਂ ਹਨ। ਅੱਜ ਉੱਥੇ ਇਕ ਦੇਸ਼-ਇਕ ਨਿਸ਼ਾਨ-ਇਕ ਵਿਧਾਨ ਪੂਰੀ ਤਰ੍ਹਾਂ ਲਾਗੂ ਹੋ ਚੁੱਕਾ ਹੈ। ਅਜਿਹੀ ਹਾਲਤ ’ਚ ਜੇ ਭਾਰਤ ਪੀ. ਓ. ਕੇ. ਲੈਂਦਾ ਹੈ ਤਾਂ ਉਸ ਨੂੰ ਸੰਭਾਲਣ ’ਚ ਵੀ ਸਾਡੀ ਲੀਡਰਸ਼ਿਪ ਸਮਰੱਥ ਹੈ, ਇਸ ’ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ: ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

shivani attri

Content Editor

Related News