ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ''ਚ ਲਾਗੂ ਹੋਇਆ ਆਨੰਦ ਮੈਰਿਜ ਐਕਟ

10/11/2017 7:07:42 AM

ਪਟਿਆਲਾ  (ਪਰਮੀਤ) - ਸੱਤਾਂ ਰਾਜਾਂ ਵਿਚ ਲਾਗੂ ਕੀਤੇ ਜਾਣ ਤੋਂ ਬਾਅਦ ਆਨੰਦ ਮੈਰਿਜ ਐਕਟ ਹੁਣ 3 ਹੋਰ ਰਾਜਾਂ ਵਿਚ ਲਾਗੂ ਹੋ ਗਿਆ ਹੈ। ਇਸ ਤਰ੍ਹਾਂ ਅਜਿਹੇ ਰਾਜਾਂ ਦੀ ਗਿਣਤੀ 10 ਹੋ ਗਈ ਹੈ। ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ਕ੍ਰਮਵਾਰ 8ਵਾਂ, 9ਵਾਂ ਤੇ 10ਵਾਂ ਰਾਜ ਬਣ ਗਿਆ ਹੈ, ਜਿੱਥੇ ਇਹ ਐਕਟ ਲਾਗੂ ਹੋਇਆ ਹੈ। ਇਕ ਅਹਿਮ ਘਟਨਾਕ੍ਰਮ ਵਿਚ ਦਿੱਲੀ 'ਚ ਇਹ ਐਕਟ ਬਹੁਤ ਜਲਦ ਲਾਗੂ ਕੀਤੇ ਜਾਣ ਦੀ ਤਿਆਰੀ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੈੱਸ. ਜੀ. ਐੈੱਮ. ਸੀ.) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਨਾਲ ਇਹ ਐਕਟ ਦੇਸ਼ ਭਰ ਵਿਚ ਲਾਗੂ ਕਰਨ ਦੀ ਮੁਹਿੰਮ ਸਿਖ਼ਰਾਂ ਵੱਲ ਵਧ ਰਹੀ ਹੈ। ਉਨ੍ਹਾਂ ਨੂੰ ਆਸ ਹੈ ਕਿ ਛੇਤੀ ਹੀ ਇਹ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਹੋ ਜਾਵੇਗਾ। ਬਿਹਾਰ, ਉੱਤਰਾਖੰਡ ਤੇ ਦਿੱਲੀ ਸਮੇਤ ਵੱਖ-ਵੱਖ ਰਾਜਾਂ ਵਿਚ ਐਕਟ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ਵਿਚ ਰਹਿੰਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਉਹ ਆਪਣੇ ਵਿਆਹਾਂ ਦੀ ਰਜਿਸਟ੍ਰੇਸ਼ਨ ਇਸ ਐਕਟ ਤਹਿਤ ਕਰਵਾ ਸਕਣਗੇ।
ਸ. ਸਿਰਸਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਭਰੋਸਾ ਦੁਆਇਆ ਹੈ ਕਿ ਦਿੱਲੀ ਵਿਚ ਐਕਟ ਜਲਦ ਲਾਗੂ ਹੋਵੇਗਾ ਅਤੇ ਇਸ ਦੀ ਪ੍ਰਕਿਰਿਆ ਪੂਰੀ ਹੋਣ ਨੇੜੇ ਹੈ।
ਉਨ੍ਹਾਂ ਹੋਰ ਕਿਹਾ ਕਿ ਇਸ ਐਕਟ ਦਾ ਆਧਾਰ 108 ਵਰ੍ਹੇ ਪਹਿਲਾਂ 1909 ਵਿਚ   ਰੱਖਿਆ ਗਿਆ ਸੀ ਜਦੋਂ ਗਵਰਨਰ ਜਨਰਲ ਦੇ ਅਧੀਨ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵੱਲੋਂ ਇਹ ਐਕਟ ਪਾਸ ਕਰਦਿਆਂ ਸਿੱਖਾਂ ਲਈ ਆਨੰਦ ਮੈਰਿਜ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਸਾਲ 2012 ਵਿਚ ਸੰਸਦ ਨੇ ਇਸ ਐਕਟ ਵਿਚ ਸੋਧ ਕੀਤੀ। ਇਹ ਆਨੰਦ ਮੈਰਿਜ ਸੋਧ ਐਕਟ 2012 ਬਣ ਗਿਆ, ਜਿਸ ਵਿਚ ਕਈ ਤਬਦੀਲੀਆਂ ਕੀਤੀਆਂ ਤੇ ਆਨੰਦ ਮੈਰਿਜ ਸ਼ਬਦ ਦੀ ਥਾਂ 'ਆਨੰਦ ਕਾਰਜ' ਸ਼ਬਦ ਦੀ ਵਰਤੋਂ ਨੂੰ ਪ੍ਰਵਾਨਗੀ ਮਿਲੀ ਜੋ ਕਿ ਸਿੱਖਾਂ ਲਈ ਰਵਾਇਤੀ ਸ਼ਬਦਾਵਲੀ ਹੈ।


Related News