ਮੱਧ ਪ੍ਰਦੇਸ਼ ਨਰਸਿੰਗ ਘਪਲੇ ਦੀ ਜਾਂਚ ਕਰਨ ਵਾਲੇ ਸੀ.ਬੀ.ਆਈ. ਅਧਿਕਾਰੀ ਹੀ ਨਿਕਲੇ ਘਪਲੇਬਾਜ਼

Monday, May 27, 2024 - 02:38 AM (IST)

ਮੱਧ ਪ੍ਰਦੇਸ਼ ਹਾਈ ਕੋਰਟ ਨੇ ਸੂਬੇ ਦੇ ਨਰਸਿੰਗ ਕਾਲਜਾਂ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਸੀ ਜਿਸ ਤੋਂ ਬਾਅਦ ਬੀਤੇ ਫਰਵਰੀ ’ਚ ਏਜੰਸੀ ਨੇ ਆਪਣੀ ਰਿਪੋਰਟ ’ਚ 169 ਨਰਸਿੰਗ ਕਾਲਜਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਹੁਣ ਖੁਦ ਏਜੰਸੀ ਨੇ ਕਿਹਾ ਹੈ ਕਿ ਉਸ ਦੇ 4 ਅਧਿਕਾਰੀ ਨਿਰੀਖਣ ਦੇ ਬਾਅਦ ਢੁੱਕਵੀਂ ਰਿਪੋਰਟ ਦੇਣ ਲਈ ਹਰ ਸੰਸਥਾਨ ਤੋਂ 2 ਲੱਖ ਰੁਪਏ ਤੋਂ 10 ਲੱਖ ਰੁਪਏ ਤਕ ਦੀ ਰਿਸ਼ਵਤ ਲੈ ਰਹੇ ਸਨ।

ਕੁਝ ਮਹੀਨੇ ਪਹਿਲਾਂ ‘ਘੋਸਟ ਨਰਸਿੰਗ ਕਾਲਜ ਸਕੈਂਡਲ’ ਸਾਹਮਣੇ ਆਇਆ ਸੀ ਜਿਸ ’ਚ 600 ਅਜਿਹੇ ਸੰਸਥਾਨ ਹਨ ਜਿਥੇ ਨਾ ਤਾਂ ਲੋੜੀਂਦੀਆਂ ਸਹੂਲਤਾਂ ਤੇ ਨਾ ਹੀ ਸਥਾਨ ਸੀ ਜਿਸ ਨੂੰ ਹਸਪਤਾਲ ਕਿਹਾ ਜਾ ਸਕੇ। ਇਕ ਸੰਸਥਾਨ ਭੋਪਾਲ ਦੇ ਮੈਡੀਕਲ ਐਜੂਕੇਸ਼ਨ ਦੇ ਸਾਬਕਾ ਡਾਇਰੈਕਟਰ ਚਲਾ ਰਹੇ ਸਨ।

ਹੁਣ ਇਸ ਘਪਲੇ ਦੇ ਸਬੰਧ ’ਚ ਸੀ.ਬੀ.ਆਈ. ਨੇ 20 ਮਈ ਨੂੰ ਆਪਣੇ 2 ਇੰਸਪੈਕਟਰਾਂ ਸਮੇਤ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਸੀ.ਬੀ.ਆਈ. ਦੀ ਵਿਜੀਲੈਂਸ ਟੀਮ ਵੱਲੋਂ ਦਾਇਰ ਕੀਤੀ ਐੱਫ.ਆਈ.ਆਰ. ਵਿਚ 4 ਅਧਿਕਾਰੀਆਂ-ਡੀ.ਐੱਸ.ਪੀ. ਆਸ਼ੀਸ਼ ਪ੍ਰਸਾਦ, ਇੰਸਪੈਕਟਰ ਰਾਹੁਲ ਰਾਜ ਅਤੇ ਮੱਧ ਪ੍ਰਦੇਸ਼ ਪੁਲਸ ਦੇ 2 ਇੰਸਪੈਕਟਰਾਂ ਰਿਸ਼ੀਕਾਂਤ ਅਸਾਥੇ ਅਤੇ ਸੁਸ਼ੀਲ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਸੀ।

ਰਾਹੁਲ ਰਾਜ ਅਤੇ ਸੁਸ਼ੀਲ ਕੁਮਾਰ ਨੂੰ ਰੰਗੇ ਹੱਥੀਂ 10 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ। ਜ਼ਬਤੀ ਦੌਰਾਨ 2.33 ਕਰੋੜ ਰੁਪਏ ਨਕਦ ਅਤੇ ਚਾਰ ਸੋਨੇ ਦੇ ਬਿਸਕੁਟ ਵੀ ਬਰਾਮਦ ਹੋਏ। ਸੀ.ਬੀ.ਆਈ. ਮੱਧ ਪ੍ਰਦੇਸ਼ ਨਰਸਿੰਗ ਰੈਗੂਲੇਟਰੀ ਕਮੇਟੀ ਨਾਲ ਸਬੰਧਤ ਬਾਕੀ 200 ਕਾਲਜਾਂ ਦੀ ਜਾਂਚ ਵੀ ਕਰ ਰਹੀ ਹੈ।

ਸੀ.ਬੀ.ਆਈ. ਐੱਫ.ਆਈ.ਆਰ. ’ਚ ਕਿਹਾ ਗਿਆ ਹੈ, ‘‘ਰਿਸ਼ਵਤ ਦਾ ਇਹ ਪੈਸਾ ਬਾਅਦ ’ਚ ਨਿਰੀਖਣ ਟੀਮ ਦੇ ਸੀ.ਬੀ.ਆਈ. ਅਧਿਕਾਰੀਆਂ ਤੇ ਵਿਚੋਲਿਆਂ ਵਿਚਾਲੇ ਵੰਡਿਆ ਜਾਂਦਾ ਸੀ।

ਯਕੀਨਨ ਹੀ ਸੀ.ਬੀ.ਆਈ. ਦਾ ਗਠਨ ਆਰਥਿਕ ਅਪਰਾਧਾਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਲਈ ਕੀਤਾ ਗਿਆ ਸੀ, ਇਸ ਪੱਖੋਂ ਖੁਦ ਸੀ.ਬੀ.ਆਈ. ਅਧਿਕਾਰੀਆਂ ਦਾ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਹੋ ਚੁੱਕੀਆਂ ਹਨ। ਇਸ ਲਈ ਇਸ ਘਪਲੇ ’ਚ ਸ਼ਾਮਲ ਅਧਿਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

-ਵਿਜੇ ਕੁਮਾਰ


Harpreet SIngh

Content Editor

Related News