ਹਿਮਾਚਲ ਪ੍ਰਦੇਸ਼ ''ਚ 6 ਨਵੇਂ ਚੁਣੇ ਵਿਧਾਇਕਾਂ ਨੇ ਚੁੱਕੀ ਸਹੁੰ

06/12/2024 2:53:59 PM

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਨਵੇਂ ਚੁਣੇ ਗਏ 6 ਵਿਧਾਇਕਾਂ ਨੇ ਬੁੱਧਵਾਰ ਨੂੰ ਸਦਨ ਦੀ ਮੈਂਬਰੀ ਦੀ ਸਹੁੰ ਚੁੱਕੀ। ਸਾਬਕਾ ਮੰਤਰੀ ਅਤੇ ਧਰਮਸ਼ਾਲਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਸੁਧੀਰ ਸ਼ਰਮਾ ਨੇ ਸਭ ਤੋਂ ਪਹਿਲਾਂ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਲਾਹੌਲ ਅਤੇ ਸਪੀਤੀ ਤੋਂ ਕਾਂਗਰਸ ਵਿਧਾਇਕ ਅਨੁਰਾਧਾ ਰਾਣਾ ਨੇ ਸਹੁੰ ਚੁੱਕੀ। ਸਹੁੰ ਚੁੱਕਣ ਵਾਲੇ ਹੋਰਨਾਂ ਆਗੂਆਂ ਵਿਚ ਸੁਜਾਨਪੁਰ ਤੋਂ ਕਾਂਗਰਸੀ ਵਿਧਾਇਕ ਕੈਪਟਨ ਰਣਜੀਤ ਸਿੰਘ, ਬਡਸਰ ਤੋਂ ਭਾਜਪਾ ਵਿਧਾਇਕ ਇੰਦਰ ਦੱਤ ਲਖਨਪਾਲ, ਗਗਰੇਟ ਤੋਂ ਕਾਂਗਰਸੀ ਵਿਧਾਇਕ ਰਾਕੇਸ਼ ਕਾਲੀਆ ਅਤੇ ਕੁਟਲੈਹੜ ਤੋਂ ਕਾਂਗਰਸੀ ਵਿਧਾਇਕ ਵਿਵੇਕ ਸ਼ਰਮਾ ਸ਼ਾਮਲ ਸਨ। ਵਿਧਾਨ ਸਭਾ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਨਵੇਂ ਵਿਧਾਇਕਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਵਿਧਾਨ ਸਭਾ ਵਿਚ ਸੂਬੇ ਅਤੇ ਲੋਕ ਭਲਾਈ ਦੇ ਮੁੱਦੇ ਚੁੱਕਣਗੇ। ਇਕ ਜੂਨ ਨੂੰ ਹੋਈਆਂ ਜ਼ਿਮਨੀ ਚੋਣਾਂ 'ਚ ਕਾਂਗਰਸ ਨੇ 6 'ਚੋਂ ਚਾਰ ਵਿਧਾਨ ਸਭਾ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ, ਜਦਕਿ ਭਾਜਪਾ ਨੇ 2 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਸੂਬੇ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕਾਂਗਰਸ ਨੂੰ ਸਦਨ ਵਿਚ ਪੂਰਨ ਬਹੁਮਤ ਲਈ ਸਿਰਫ਼ ਇਕ ਸੀਟ ਦੀ ਲੋੜ ਹੈ ਅਤੇ ਜਨਤਾ ਨੇ ਪਾਰਟੀ ਦੇ ਬਾਗੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ, ਜਿਨ੍ਹਾਂ ਨੇ ਆਪਣੀ ਆਤਮਾ ਵੇਚ ਕੇ ਭਾਜਪਾ ਦੇ ਟਿਕਟ 'ਤੇ ਚੋਣ ਲੜੀ ਸੀ।

ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਭਾਜਪਾ ਨੇ ਚਾਰ ਲੋਕ ਸਭਾ ਸੀਟਾਂ ਅਤੇ 2 ਵਿਧਾਨ ਸਭਾ ਜ਼ਿਮਨੀ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਜ਼ਿਮਨੀ ਚੋਣਾਂ 'ਚ ਚਾਰ ਵਿਧਾਇਕਾਂ ਦੀ ਹਾਰ ਦੀ ਸਮੀਖਿਆ ਪਾਰਟੀ ਕਰ ਰਹੀ। 6 ਨਵੇਂ ਵਿਧਾਇਕਾਂ 'ਚੋਂ ਤਿੰਨ- ਸਿੰਘ (ਸੁਜਾਨਪੁਰ), ਸ਼ਰਮਾ (ਕੁਟਲੈਹੜ) ਅਤੇ ਰਾਣਾ (ਲਾਹੌਲ ਅਤੇ ਸਪੀਤੀ)- ਪਹਿਲੀ ਵਾਰ ਵਿਧਾਇਕ ਬਣੇ ਹਨ। ਅਨੁਰਾਧਾ ਰਾਣਾ 52 ਸਾਲਾਂ 'ਚ ਲਾਹੌਲ ਅਤੇ ਸਪੀਤੀ ਤੋਂ ਚੋਣ ਲੜ ਵਾਲੀ ਪਹਿਲੀ ਮਹਿਲਾ ਹੈ ਅਤੇ ਇਸ ਵਿਧਾਨ ਸਭਾ ਖੇਤਰ ਤੋਂ ਜਿੱਤਣ ਵਾਲੀ ਦੂਜੀ ਔਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਿਆਨ ਬਿਹਤਰ ਕਨੈਕਟੀਵਿਟੀ, ਸਿਹਤ ਸਹੂਲਤਾਂ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਦੇਣ 'ਤੇ ਹੋਵੇਗਾ। ਕਾਂਗਰਸ ਸਰਕਾਰ ਦੀ ਸਥਿਰਤਾ ਲਈ ਸੱਤਾਧਾਰੀ ਪਾਰਟੀ ਦੀ ਜ਼ਿਮਨੀ ਚੋਣ ਮਹੱਤਵਪੂਰਨ ਹੈ। ਹੁਣ 65 ਮੈਂਬਰੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ 38 ਵਿਧਾਇਕ ਹਨ। ਤਿੰਨ ਆਜ਼ਾਦ ਵਿਧਾਇਕਾਂ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਏ ਤਿੰਨ ਵਿਧਾਨ ਸਭਾ ਖੇਤਰਾਂ 'ਚ 10 ਜੁਲਾਈ ਨੂੰ ਚੋਣਾਂ ਹੋਣਗੀਆਂ। ਬਜਟ ਸੈਸ਼ਨ ਦੌਰਾਨ ਸੂਬਾ ਸਰਕਾਰ ਦੇ ਪੱਖ 'ਚ ਵੋਟਿੰਗ ਕਰਨ ਲਈ ਵਹਿਪ ਦੀ ਉਲੰਘਣਾ ਕਰਨ 'ਤੇ ਕਾਂਗਰਸ ਦੇ ਬਾਗੀਆਂ ਨੂੰ ਅਯੋਗ ਠਹਿਰਾਏ ਜਾਣ ਤੋਂ ਬਾਅਦ 6 ਵਿਧਾਨ ਸਭਾ ਸੀਟਾਂ ਖ਼ਾਲੀ ਹੋ ਗਈਆਂ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News