ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਰਿਵਾਰ ਨੇ ਕੀਤਾ ਹਮਲਾ, ਭਰੇ ਬਾਜ਼ਾਰ ''ਚ ਕੀਤੀ ਅਗਵਾ ਕਰਨ ਦੀ ਕੋਸ਼ਿਸ਼

06/11/2024 6:17:18 PM

ਮੋਗਾ (ਆਜ਼ਾਦ, ਕਸ਼ਿਸ਼) : ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਲੜਕੀ ਨੂੰ ਉਸ ਦੇ ਪਿਤਾ ਵੱਲੋਂ ਰਿਸ਼ਤੇਦਾਰਾਂ ਨਾਲ ਮਿਲ ਕੇ ਜ਼ਬਰੀ ਬੰਧਕ ਬਣਾਉਣ ਦੇ ਇਰਾਦੇ ਨਾਲ ਸ਼ਰੇਆਮ ਅਗਵਾ ਕਰਨ ਦਾ ਯਤਨ ਅਤੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਪੀੜਤ ਲੜਕੀ ਦੀ ਸ਼ਿਕਾਇਤ ’ਤੇ ਉਸ ਦੇ ਪਿਤਾ ਮਦਨ ਲਾਲ ਨਿਵਾਸੀ ਸਰਦਾਰ ਨਗਰ ਮੋਗਾ, ਮਾਸੀ ਦੇ ਬੇਟੇ ਆਸ਼ੂ ਮੋਰਵਾਲ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ, ਮਾਮਾ ਦੀਪਕ ਕੁਮਾਰ ਨਿਵਾਸੀ ਫਾਜ਼ਿਲਕਾ, ਮਾਸੜ ਅਸ਼ੋਕ ਕੁਮਾਰ ਨਿਵਾਸੀ ਸਾਧਾਂਵਾਲੀ ਬਸਤੀ ਮੋਗਾ ਅਤੇ ਬਲਦੇਵ ਸਿੰਘ ਬਰਾੜ ਨਿਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਮੋਗਾ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਥਾਣਾ ਸਿਟੀ ਸਾਊਥ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਦੇ ਮੁੱਖ ਅਫ਼ਸਰ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਕਿਹਾ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਦੇ ਖਿਲਾਫ਼ ਬੀਤੀ 23 ਮਈ 2024 ਨੂੰ ਪ੍ਰਭਦਿਆਲ ਚਾਂਦਲਾ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਕੱਚਾ ਦੁਸਾਂਝ ਰੋਡ ਮੋਗਾ ਨਾਲ ਵਿਆਹ ਕਰਵਾਇਆ ਸੀ ਅਤੇ 24 ਮਈ 2024 ਨੂੰ ਮਾਣਯੋਗ ਅਦਾਲਤ ਵਿਚ ਕੋਰਟ ਮੈਰਿਜ਼ ਕਰਵਾ ਲਈ।

ਉਸ ਨੇ ਕਿਹਾ ਕਿ ਮੇਰੇ ਪਰਿਵਾਰਕ ਮੈਂਬਰ ਇਸ ਵਿਆਹ ਨੂੰ ਲੈ ਕੇ ਸਹਿਮਤ ਨਹੀਂ ਸਨ। ਜਦੋਂ ਮੈਂ ਅਤੇ ਮੇਰਾ ਪਤੀ ਪ੍ਰਭਦਿਆਲ ਚਾਂਦਲਾ ਆਪਣੇ ਸਹੁਰੇ ਅਸ਼ਵਨੀ ਕੁਮਾਰ ਚਾਂਦਲਾ ਨਾਲ ਤਿੰਨੇ ਜਣੇ ਥਾਣਾ ਸਿਟੀ ਸਾਊਥ ਮੋਗਾ ਵਿਚ ਆਪਣੇ ਬਿਆਨ ਲਿਖਵਾ ਕੇ ਆਪਣੇ ਮੋਟਰਸਾਈਕਲ ’ਤੇ ਜਾ ਰਹੇ ਸੀ ਦਾਣਾ ਮੰਡੀ ਗੇਟ ਨੰਬਰ 2 ਦੇ ਅੰਦਰ ਦਾਖਲ ਹੋਏ ਤਾਂ ਕਥਿਤ ਮੁਲਜ਼ਮਾਂ ਨੇ ਆਪਣੇ ਮੋਟਰਸਾਈਕਲ ਸਾਡੇ ਮੋਟਰਸਾਈਕਲ ਅੱਗੇ ਲਾ ਕੇ ਸਾਨੂੰ ਘੇਰ ਲਿਆ ਅਤੇ ਉਸ ਦੀ ਚਾਬੀ ਕੱਢ ਲਈ। ਇਸ ਦੌਰਾਨ ਮੇਰੇ ਪਿਤਾ ਮਦਨ ਲਾਲ ਅਤੇ ਦੂਸਰਿਆਂ ਨੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਥੱਪੜ ਮਾਰੇ ਅਤੇ ਮੈਨੂੰ ਘੜੀਸ ਕੇ ਮੋਟਰਸਾਈਕਲ ਤੋਂ ਹੇਠਾਂ ਸੁੱਟ ਦਿੱਤਾ ਅਤੇ ਮੈਨੂੰ ਕਹਿਣ ਲੱਗੇ ਅੱਜ ਤੈਨੂੰ ਨਹੀਂ ਛੱਡਣਾ। ਇਸ ਦੌਰਾਨ ਜਦੋਂ ਅਸੀਂ ਅਕਾਲਸਰ ਰੋਡ ’ਤੇ ਗਏ ਤਾਂ ਮੇਰੇ ਵੱਲੋਂ ਰੋਲਾ ਪਾਉਣ ’ਤੇ ਲੋਕਾਂ ਦਾ ਭਾਰੀ ਇਕੱਠ ਹੋ ਗਿਆ, ਜਿਨ੍ਹਾਂ ਨੇ ਮੈਨੂੰ ਉਨ੍ਹਾਂ ਦੀ ਚੁੰਗਲ ਵਿਚ ਛੁਡਵਾਇਆ ਅਤੇ ਭਰੇ ਬਾਜ਼ਾਰ ਵਿਚ ਮੇਰੀ ਬੇਇਜ਼ਤੀ ਕੀਤੀ।

ਇਸ ਉਪਰੰਤ ਮੈਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ, ਜਿਸ ’ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਦੂਜੇ ਪਾਸੇ ਥਾਣਾ ਮੁਖੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਕਿਹਾ ਕਿ ਪੀੜਤਾ ਦੇ ਬਿਆਨ ਦਰਜ ਕਰਨ ਦੇ ਬਾਅਦ ਕਥਿਤ ਮੁਲਜ਼ਮਾਂ ਦੇ ਖਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ, ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News