ਗੁੱਸੇ 'ਚ ਭੜਕੇ ਲੋਕ ਸੜਕਾਂ 'ਤੇ ਉੱਤਰੇ, ਪਾਕਿਸਤਾਨ ਦਾ ਫੂਕਿਆ ਝੰਡਾ
Friday, Feb 15, 2019 - 12:34 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਕੀਤੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਪ੍ਰਤੀ ਜਿਥੇ ਸਮੂਹ ਦੇਸ਼ ਦੀ ਜਨਤਾ ਸ਼ਰਧਾਂਜਲੀ ਭੇਟ ਕਰ ਰਹੀ ਹੈ, ਉਥੇ ਹੀ ਇਸ ਹਮਲੇ ਦੇ ਦੋਸ਼ੀ ਪਾਕਿਸਤਾਨ 'ਚ ਬੈਠੇ ਅੱਤਵਾਦੀ ਸੰਗਠਨ ਅਤੇ ਪਾਕਿ ਸਰਕਾਰ ਪ੍ਰਤੀ ਜਨਤਾ ਦਾ ਗੁੱਸਾ ਵਧਦਾ ਜਾ ਰਿਹਾ ਹੈ ਤੇ ਜਨਤਾ ਇਸ ਮਾਮਲੇ 'ਚ ਭਾਰਤ ਸਰਕਾਰ ਦੀ ਪਾਕਿਸਤਾਨ ਪ੍ਰਤੀ ਨਰਮ ਨੀਤੀ ਨੂੰ ਕੋਸ ਰਹੀ ਹੈ, ਉਥੇ ਹੀ ਗੁੱਸੇ ਵਿਚ ਅੱਜ ਸ਼ਿਵ ਸੈਨਾ ਸ਼ੇਰ-ਏ-ਹਿੰਦ ਵੱਲੋਂ ਪ੍ਰਦੇਸ਼ ਪ੍ਰਧਾਨ ਕੌਸ਼ਲ ਸ਼ਰਮਾ ਦੀ ਪ੍ਰਧਾਨਗੀ 'ਚ ਪਾਕਿਸਤਾਨ ਦਾ ਝੰਡਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸੰਗਠਨ ਦੇ ਕੌਮੀ ਉਪ ਪ੍ਰਧਾਨ ਹਰਦੀਪ ਸ਼ਰਮਾ ਹੈਪੀ, ਉੱਤਰ ਭਾਰਤ ਚੇਅਰਮੈਨ ਸਤਪਾਲ ਵਰਮਾ, ਪ੍ਰਦੇਸ਼ ਇੰਚਾਰਜ ਰਾਜੇਸ਼ ਪੁਰੀ, ਪੰਜਾਬ ਯੁਵਾ ਪ੍ਰਧਾਨ ਅਜੇ ਕੁਮਾਰ, ਪੰਜਾਬ ਮਹਿਲਾ ਵਿੰਗ ਚੇਅਰਮੈਨ ਡਿੰਪਲ ਸ਼ਰਮਾ, ਰਵੀ ਪੁਰੀ ਤੇ ਵੱਡੀ ਗਿਣਤੀ 'ਚ ਸ਼ਿਵ ਸੈਨਾ ਆਗੂ ਮੌਜੂਦ ਸਨ। ਇਸ ਮੌਕੇ ਕੌਸ਼ਲ ਸ਼ਰਮਾ ਤੇ ਹਰਦੀਪ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਜਿਥੇ ਕਰੋੜਾਂ-ਅਰਬਾਂ ਰੁਪਏ ਖਰਚ ਕਰ ਕੇ ਆਧੁਨਿਕ ਤਕਨੀਕ ਦੀਆਂ ਲੰਬੀ ਦੂਰੀ ਤੱਕ ਮਾਰਕ ਕਰਨ ਵਾਲੀਆਂ ਮਿਜ਼ਾਈਲਾਂ ਬਣਾ ਰਹੀ ਹੈ, ਉਥੇ ਹੀ ਇਨ੍ਹਾਂ ਮਿਜ਼ਾਈਲਾਂ ਨੂੰ ਕੀ ਸਜਾਵਟ ਲਈ ਬਣਾਇਆ ਜਾ ਰਿਹਾ ਹੈ, ਜੇਕਰ ਇਨ੍ਹਾਂ ਮਿਜ਼ਾਈਲਾਂ ਦੀ ਦੁਸ਼ਮਣ ਲਈ ਵਰਤੋਂ ਨਹੀਂ ਕਰਨੀ ਤਾਂ ਇਸ ਸ਼ਬਦਾਵਲੀ ਨੂੰ ਬੰਦ ਕੀਤਾ ਜਾਵੇ ਕਿ ਇਹ ਮਿਜ਼ਾਈਲਾਂ ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦੇਣਗੀਆਂ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ 'ਚ ਆਏ ਦਿਨ ਅੱਤਵਾਦੀ ਹਮਲੇ ਅਤੇ ਭਾਰਤੀ ਜਵਾਨਾਂ 'ਤੇ ਗੋਲਾਬਾਰੀ ਕੀਤੀ ਜਾਂਦੀ ਹੈ, ਜਿਸ ਨਾਲ ਹੁਣ ਤੱਕ ਕਈ ਜਵਾਨ ਤੇ ਆਮ ਨਾਗਰਿਕ ਸ਼ਹੀਦ ਹੋ ਚੁੱਕੇ ਹੈ ਪਰ ਉਥੇ ਹੀ ਦੂਜੇ ਪਾਸੇ ਜਦੋਂ ਵੀ ਕੋਈ ਵੱਡਾ ਹਮਲਾ ਹੁੰਦਾ ਹੈ ਤਾਂ ਭਾਰਤ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਦੇਖ ਰਹੇ ਹਾਂ, ਦੇਖ ਲਵਾਂਗੇ, ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦੇਵਾਂਗੇ ਪਰ ਦੁੱਖ ਇਸ ਗੱਲ ਦਾ ਹੈ ਕਿ ਪਾਕਿਸਤਾਨ ਤੇ ਉਥੇ ਬੈਠੇ ਅੱਤਵਾਦੀ ਭਾਰਤ 'ਚ ਹਮਲਿਆਂ ਨੂੰ ਰੁਕਣ ਨਹੀਂ ਦੇ ਰਹੇ ਤੇ ਇਧਰ ਭਾਰਤ ਸਰਕਾਰ ਦੇ ਮੰਤਰੀ ਹੌਲੀ ਆਵਾਜ਼ 'ਚ ਕਹਿ ਜਾਂਦੇ ਹਨ ਕਿ ਅਸੀਂ ਕਾਰਵਾਈ ਕਰਾਂਗੇ ਤੇ ਇਹ ਘਟਨਾ ਪਾਕਿਸਤਾਨ ਕਰ ਰਿਹਾ ਹੈ।
ਭਾਜਪਾ ਨੇ ਪਾਕਿਸਤਾਨ ਵਿਰੁੱਧ ਕੱਢੀ ਭੜਾਸ
ਪਾਕਿਸਤਾਨ ਵਿਰੁੱਧ ਗੁੱਸੇ 'ਚ ਆਏ ਭਾਜਪਾ ਆਗੂਆਂ ਤੇ ਵਰਕਰਾਂ ਨੇ ਭਾਜਪਾ ਜ਼ਿਲਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪ੍ਰਾਸ਼ਰ ਦੀ ਅਗਵਾਈ 'ਚ ਸ਼ਹਿਰ 'ਚ ਪਾਕਿਸਤਾਨ ਤੇ ਅੱਤਵਾਦ ਵਿਰੁੱਧ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਰੋਸ ਮਾਰਚ ਕਰ ਕੇ ਨਾਅਰੇਬਾਜ਼ੀ ਕਰਦਿਆਂ ਪਾਕਿਸਤਾਨ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ। ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਪਾਕਿਸਤਾਨ ਆਪਣੀ ਅੱਤਵਾਦੀ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ, ਸਗੋਂ ਆਏ ਦਿਨ ਭਾਰਤੀ ਫੌਜੀ ਜਵਾਨਾਂ ਨੂੰ ਪਾਕਿਸਤਾਨ ਅੱਤਵਾਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਾਕਿਸਤਾਨ ਸਰਕਾਰ ਨਾਲ ਸਖਤੀ ਦਾ ਰੁੱਖ ਅਪਣਾਵੇ। ਇਸ ਮੌਕੇ ਰਮੇਸ਼ ਕੁਮਾਰ ਜੈ ਦੁਰਗੇ, ਬਲਜਿੰਦਰ ਸਿੰਘ ਨਿਪਾਲ, ਬੀਬੀ ਨਰਿੰਦਰ ਕੌਰ ਸਮੇਤ ਵੱਡੀ ਗਿਣਤੀ 'ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।
ਰਈਆ 'ਚ ਵੀ ਵਿਰੋਧ ਪ੍ਰਦਰਸ਼ਨ
ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਕਲੱਬਾਂ ਨੇ ਇਕਜੁਟ ਹੋ ਕੇ ਪਾਕਿਸਤਾਨ ਦਾ ਝੰਡਾ ਸਾੜਦੇ ਹੋਏ ਪਾਕਿ ਖਿਲਾਫ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਰਜਿੰਦਰ ਰਿਖੀ, ਸੰਜੀਵ ਭੰਡਾਰੀ, ਗੁਰਦੀਪ ਸਿੰਘ ਕੌਂਸਲਰ, ਸੁਖਵਿੰਦਰ ਸਿੰਘ ਮੱਤੇਵਾਲ ਨੇ ਕਿਹਾ ਕਿ ਸਾਡੇ ਨੇਤਾਵਾਂ ਨੂੰ ਕੁੰਭਕਰਨੀ ਨੀਂਦ ਤੋਂ ਜਾਗਦੇ ਹੋਏ ਨਿੱਤ ਦਿਹਾੜੇ ਦੀ ਬਿਆਨਬਾਜ਼ੀ ਨੂੰ ਛੱਡ ਕੇ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹੀਦਾ ਹੈ ਤੇ ਸਾਡੇ ਦੇਸ਼ ਦਾ ਗੌਰਵ ਸਾਡੀ ਭਾਰਤੀ ਫੌਜ ਦੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੀਦਾ ਹੈ।