ਗੁੱਜਰਾਂ ਨੇ ਮੰਦਬੁੱਧੀ ਲੋਕਾਂ ਨੂੰ ਬਣਾਇਆ ਬੰਦੀ, ਢਾਹੇ ਤਸ਼ੱਦਦ

Wednesday, Feb 12, 2020 - 05:57 PM (IST)

ਗੁੱਜਰਾਂ ਨੇ ਮੰਦਬੁੱਧੀ ਲੋਕਾਂ ਨੂੰ ਬਣਾਇਆ ਬੰਦੀ, ਢਾਹੇ ਤਸ਼ੱਦਦ

ਅੰਮ੍ਰਿਤਸਰ (ਸੁਮੀਤ ਖੰਨਾ) : ਅੰਮ੍ਰਿਤਸਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ। ਦਰਅਸਲ, ਮਾਮਲਾ ਮਹਿਤਾ ਰੋਡ 'ਤੇ ਪੈਂਦੇ ਨਵਾਂ ਪਿੰਡ ਦਾ ਹੈ, ਜਿਥੇ ਗੁੱਜਰਾਂ ਵਲੋਂ ਇਨਸਾਨੀਅਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਇਸ ਦਾ ਪਰਦਾਫਾਸ਼ ਕੀਤਾ ਹੈ, ਇਕ ਸੇਵਾ ਸੰਸਥਾ ਨੇ ਜਿਸਦਾ ਨਾਂਅ ਹੈ ਸੇਵਾ ਸੋਸਾਇਟੀ। ਇਸ ਸੰਸਥਾ ਦਾ ਕਹਿਣਾ ਕਿ ਉਹ ਬੇਆਸਰਿਆਂ ਲਈ ਆਸਰਾ ਹਨ। ਸੰਸਥਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਮਹਿਤਾ ਰੋਡ ਨਜ਼ਦੀਕ ਰਹਿੰਦੇ ਗੁੱਜਰ ਮੰਦਬੁੱਧੀਆਂ ਨੂੰ ਚੁੱਕ ਬੰਦੀ ਬਣਾਕੇ ਕੁੱਟਮਾਰ ਕਰਦੇ ਨੇ ਤੇ ਆਪਣੇ ਕੰਮ ਕਰਵਾਉਂਦੇ ਹਨ, ਜਿਸ ਦੇ ਚੱਲਦਿਆਂ ਉਨ੍ਹਾਂ 4 ਪੀੜਤਾਂ ਨੂੰ ਗੁੱਜਰਾਂ ਦੀ ਕੈਦ 'ਚੋ ਛੁਡਵਾਇਆ। ਸੰਸਥਾ ਨੇ ਪੀੜਤਾਂ ਨੂੰ ਗੁੱਜਰਾਂ ਕੋਲੋਂ ਛੁੜਵਾਕੇ ਚੰਗੇ ਕਪੜੇ ਪਹਿਨਣ ਨੂੰ ਦਿੱਤੇ ਤੇ ਇਲਾਜ  ਸ਼ੁਰੂ ਕਰਵਾਇਆ ਹੈ ਤੇ ਆਪਣੀ ਸੰਸਥਾ 'ਚ ਰਹਿਣ ਨੂੰ ਜਗ੍ਹਾ ਵੀ ਦਿੱਤੀ।

ਇਸ ਦੌਰਾਨ ਇਕ ਪੀੜਤ ਨੇ ਆਪਣੇ 'ਤੇ ਤਸ਼ੱਦਦ ਦੀ ਸਾਰੀ ਦਾਸਤਾਨ ਦੱਸੀ। ਉਸ ਨੇ ਦੱਸਿਆ ਕਿ ਕੁਝ ਬੰਦੇ ਉਸ ਨੂੰ ਘਰੋਂ ਚੁੱਕ ਕੇ ਲੈ ਗਏ ਅਤੇ ਉਥੇ ਗੁਲਾਮ ਬਣਾ ਕੇ ਰੱਖਿਆ ਤੇ ਡੇਰੇ 'ਚ ਦਿਨ-ਰਾਤ ਕੰਮ ਕਰਵਾਇਆ। ਇਸ ਤੋਂ ਇਲਾਵਾ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ। ਦੂਜੇ ਪਾਸੇ ਸੰਸਥਾ ਨੇ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ 3 ਗੁੱਜਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ, ਜਿਸ 'ਚ 1 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਾਕੀ 2 ਫਰਾਰ ਚੱਲ ਰਹੇ ਨੇ, ਜਿੰਨਾ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ।  


author

Baljeet Kaur

Content Editor

Related News