ਸਰਕਾਰੀ ਟੀ.ਬੀ. ਹਸਪਤਾਲ ਦੇ ਮਰੀਜ਼ਾਂ ਨੂੰ ਡਿਜੀਟਲ ਐਕਸਰੇ ਲਈ ਨਹੀਂ ਜਾਣਾ ਪਵੇਗਾ ਦੂਰ-ਦਰਾਜ

03/26/2019 4:42:48 AM

ਅੰਮ੍ਰਿਤਸਰ (ਦਲਜੀਤ ਸ਼ਰਮਾ)-ਸਰਕਾਰੀ ਟੀ.ਬੀ. ਹਸਪਤਾਲ ਵਿਚ ਹੁਣ ਮਰੀਜ਼ਾਂ ਨੂੰ ਡਿਜੀਟਲ ਐਕਸਰੇ ਲਈ ਦੂਰ-ਦਰਾਜ ਨਹੀਂ ਜਾਣਾ ਪਵੇਗਾ। ਹਸਪਤਾਲ ਵਿਚ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਨਵੀਂ ਡਿਜੀਟਲ ਐਕਸਰੇ ਮਸ਼ੀਨ ਲੱਗ ਗਈ ਹੈ। ਪ੍ਰਾਈਵੇਟ ਸੈਂਟਰਾਂ ਤੋਂ ਹੋਣ ਵਾਲਾ 400 ਰੁਪਏ ਦਾ ਡਿਜੀਟਲ ਐਕਸਰੇ ਹੁਣ 100 ਰੁਪਏ ਵਿਚ ਹੋਵੇਗਾ। ਟੀ.ਬੀ. ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਅਤੇ ਇੰਚਾਰਜ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਡਿਜੀਟਲ ਐਕਸਰੇ ਕਰਵਾਉਣ ਲਈ ਮਰੀਜ਼ਾਂ ਨੂੰ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਰੈਫਰ ਕੀਤਾ ਜਾਂਦਾ ਸੀ ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਮਾਮਲਾ ਧਿਆਨ ਵਿਚ ਲਿਆਂਦਾ ਗਿਆ ਜਿਸ ਦੇ ਉਪਰੰਤ 9 ਲੱਖ 95 ਹਜ਼ਾਰ ਰੁਪਏ ਦੀ ਰਾਸ਼ੀ ਪਹਿਲਾਂ ਹੀ ਜਾਰੀ ਹੋ ਗਈ ਸੀ ਪਰ ਨਵੀਂ ਮਸ਼ੀਨ ਸਬੰਧੀ ਦਸਤਾਵੇਜ਼ ਪੂਰੇ ਕਰਨ ਉਪਰੰਤ ਹੁਣ ਮਸ਼ੀਨ ਇੰਸਟਾਲ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਦਿਨ ਕਰੀਬ 50 ਮਰੀਜ਼ਾਂ ਦੇ ਡਿਜੀਟਲ ਐਕਸਰੇ ਹੁੰਦੇ ਹਨ। ਹਸਪਤਾਲ ਦੀ ਕਾਇਆ-ਕਲਪ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਡਾ. ਪਾਂਧੀ ਨੇ ਦੱਸਿਆ ਕਿ ਸਰਕਾਰੀ ਟੀ.ਬੀ.ਹਸਪਤਾਲ ਵਿਚ ਮਰੀਜ਼ਾਂ ਨੂੰ ਟੀ.ਬੀ. ਦੀ ਦਵਾਈ ਫ੍ਰੀ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ।

Related News