ਪਿਓ-ਪੁੱਤ ਦੀ ਕੁੱਟਮਾਰ ਦੇ ਮਾਮਲੇ ’ਚ ਅਕਾਲੀ ਆਗੂ ਰਾਣਾ ਲੋਪੋਕੇ ਸਮੇਤ 4 ਖਿਲਾਫ ਮਾਮਲਾ ਦਰਜ

12/6/2019 2:26:22 PM

ਅੰਮ੍ਰਿਤਸਰ (ਅਰੁਣ) : ਆਦਰਸ਼ ਨਗਰ ਇਲਾਕੇ ’ਚ ਨੌਜਵਾਨ ਨਾਲ ਕੁੱਟ-ਮਾਰ ਕਰਨ ਤੋਂ ਰੋਕਣ ਗਏ ਪਿਉ ਨੂੰ ਵੀ ਸੱਟਾਂ ਮਾਰਦਿਆਂ ਅਕਾਲੀ ਆਗੂ ਰਾਣਾ ਲੋਪੋਕੇ ਤੇ ਉਸ ਦੇ ਸਾਥੀ ਹਮਲਾਵਰਾਂ ਨੇ ਜ਼ਖਮੀ ਕਰ ਦਿੱਤਾ। ਥਾਣਾ ਕੰਟੋਨਮੈਂਟ ਦੀ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਉਨ੍ਹਾਂ ਦੱਸਿਆ ਕਿ 2 ਨਵੰਬਰ ਦੀ ਸ਼ਾਮ ਜਦੋਂ ਉਹ ਆਦਰਸ਼ ਨਗਰ ਸਥਿਤ ਆਪਣੇ ਉਸਾਰੀ ਅਧੀਨ ਮਕਾਨ ’ਚ ਮੌਜੂਦ ਸੀ ਤਾਂ ਅਚਾਨਕ ਰੌਲੇ ਦੀ ਆਵਾਜ਼ ਸੁਣ ਕੇ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਕੁਝ ਲੋਕ ਉਸ ਦੇ ਬੇਟੇ ਜਗਦੀਪ ਸਿੰਘ ਨਾਲ ਕੁੱਟ-ਮਾਰ ਕਰ ਰਹੇ ਸਨ। ਉਸ ਵਲੋਂ ਬਚਾਉਣ ’ਤੇ ਮੁਲਜ਼ਮ ਉਸ ਦੀ ਵੀ ਕੁੱਟਮਾਰ ਤੇ ਉਸ ਦੇ ਲਡ਼ਕੇ ਦੇ ਸਿਰ ’ਤੇ ਬੰਨ੍ਹਿਆ ਪਟਕਾ ਉਤਾਰ ਕੇ ਕੇਸਾਂ ਦੀ ਬੇਅਦਬੀ ਕਰਨ ਲੱਗ ਪਏ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਰਣਬੀਰ ਸਿੰਘ ਰਾਣਾ ਪੁੱਤਰ ਵੀਰ ਸਿੰਘ ਲੋਪੋਕੇ ਵਾਸੀ ਆਦਰਸ਼ ਨਗਰ ਰਾਮਤੀਰਥ ਰੋਡ, ਹਨੀ ਅਤੇ ਰਾਣਾ ਲੋਪੋਕੇ ਦੇ ਡਰਾਈਵਰ ਸਮੇਤ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।

ਕਾਰ ਟਕਰਾਉਣ ਤੋਂ ਹੋਈ ਸੀ ਤਕਰਾਰ
ਥਾਣਾ ਕੰਟੋਨਮੈਂਟ ਦੇ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਆਦਰਸ਼ ਨਗਰ ਇਲਾਕੇ ’ਚ ਜਿਥੇ ਮਾ. ਹਰਜਿੰਦਰ ਸਿੰਘ ਆਪਣੀ ਕੋਠੀ ਤਿਆਰ ਕਰਵਾ ਰਿਹਾ ਹੈ, ਦੇ 16 ਸਾਲਾ ਲਡ਼ਕੇ ਜੈਦੀਪ ਸਿੰਘ ਦੀ ਕਾਰ ਅਕਾਲੀ ਆਗੂ ਰਣਬੀਰ ਸਿੰਘ ਰਾਣਾ ਲੋਪੋਕੇ ਜੋ ਕਿ ਆਦਰਸ਼ ਨਗਰ ’ਚ ਹੀ ਰਹਿੰਦਾ ਹੈ, ਦੀ ਕਾਰ ਨਾਲ ਮਾਮੂਲੀ ਟਕਰਾ ਗਈ। ਗੁੱਸੇ ’ਚ ਆਏ ਰਾਣਾ ਲੋਪੋਕੇ ਤੇ ਉਸ ਦੇ ਡਰਾਈਵਰ ਅਤੇ 2 ਹੋਰ ਮੁਲਜ਼ਮਾਂ ਨੇ ਬੁਰੀ ਤਰ੍ਹਾਂ ਕੁੱਟ-ਮਾਰ ਕਰਦਿਆਂ ਜੈਦੀਪ ਸਿੰਘ ਦੇ ਸਿਰ ’ਤੇ ਬੰਨ੍ਹੇ ਪਟਕੇ ਨੂੰ ਉਤਾਰਦਿਆਂ ਕੇਸਾਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਘਟਨਾਚੱਕਰ ਦੀ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਨੂੰ ਰਿਕਾਰਡ ’ਚ ਪੇਸ਼ ਕੀਤੀ ਗਈ ਹੈ। ਨੌਜਵਾਨ ਦਾ ਮੈਡੀਕਲ ਕਰਵਾਉਣ ਮਗਰੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljeet Kaur

Edited By Baljeet Kaur