ਰਾਵੀ ਅਤੇ ਬਿਆਸ ਦਰਿਆ ''ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ ਹੇਠਾਂ

08/19/2019 12:55:08 PM

ਅੰਮ੍ਰਿਤਸਰ (ਨੀਰਜ) : ਭਾਖੜਾ ਬੰਨ੍ਹ 'ਚੋਂ ਪਾਣੀ ਛੱਡਣ ਤੋਂ ਬਾਅਦ ਜਿਥੇ ਸਤਲੁਜ ਨਹਿਰ ਦੋਆਬਾ ਅਤੇ ਮਾਲਵੇ ਦੇ ਕੁਝ ਇਲਾਕਿਆਂ 'ਚ ਕਹਿਰ ਢਾਹ ਰਹੀ ਹੈ। ਸਰਕਾਰ ਵਲੋਂ ਦਰਜਨਾਂ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਚੁੱਕਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਵੀ ਰਾਵੀ ਅਤੇ ਬਿਆਸ ਦਰਿਆ 'ਚ ਪਾਣੀ ਦੇ ਹਾਲਾਤ ਨਾ ਸਿਰਫ ਆਮ ਹਨ, ਸਗੋਂ ਪਾਣੀ ਦੀਆਂ ਲਹਿਰਾਂ ਲਗਾਤਾਰ ਘੱਟ ਹੁੰਦੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ਅਨੁਸਾਰ ਸਮੂਹ ਪ੍ਰਬੰਧਕੀ ਅਤੇ ਪੁਲਸ ਅਧਿਕਾਰੀਆਂ ਵਲੋਂ ਕਿਸੇ ਵੀ ਤਰ੍ਹਾਂ ਦੇ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕੀਤੀ ਜਾ ਚੁੱਕੀ ਹੈ। ਐੱਸ. ਡੀ. ਐੱਮ. ਅਜਨਾਲਾ ਡਾ. ਰਜਤ ਓਬਰਾਏ ਵਲੋਂ ਲਗਾਤਾਰ ਰਾਵੀ ਦਰਿਆ ਦੇ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ, ਜਦਕਿ ਐੱਸ. ਡੀ. ਐੱਮ. ਬਾਬਾ ਬਕਾਲਾ ਅਸ਼ੋਕ ਕੁਮਾਰ ਬਿਆਸ ਦਰਿਆ 'ਤੇ ਪੂਰੀ ਨਜ਼ਰ ਰੱਖ ਰਹੇ ਹਨ। ਹਿਮਾਚਲ ਰੋਹਤਾਂਗ ਦੱਰੇ ਦੇ ਬਿਆਸ ਕੁੰਡ ਤੋਂ ਇਸ ਦਰਿਆ ਦੀ ਸ਼ੁਰੂਆਤ ਹੁੰਦੀ ਹੈ। ਪੌਂਗ ਡੈਮ ਵੀ ਇਸ ਨਦੀ 'ਤੇ ਬਣਾਇਆ ਗਿਆ ਹੈ। ਬਿਆਸ ਕੁੰਡ ਪੀਰ ਪੰਜਾਲ ਪਹਾੜ 'ਚ ਰੋਹਤਾਂਗ ਦੱਰੇ ਵਿਚ ਹੈ। ਇਹ ਦਰਿਆ ਕੁੱਲੂ, ਮੰਡੀ, ਹਮੀਰਪੁਰ ਅਤੇ ਕਾਂਗੜਾ ਤੋਂ ਹੁੰਦੇ ਹੋਏ ਮਰੂਥਲ ਕੋਲੋਂ ਪੰਜਾਬ 'ਚ ਪ੍ਰਵੇਸ਼ ਕਰਦਾ ਹੈ। ਐੱਸ. ਡੀ. ਐੱਮ. ਬਾਬਾ ਬਕਾਲਾ ਅਸ਼ੋਕ ਕੁਮਾਰ ਅਨੁਸਾਰ ਬਿਆਸ ਦਰਿਆ 'ਚ ਪਾਣੀ ਦੇ ਹਾਲਾਤ ਆਮ ਹਨ, ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਹੈ।

ਐੱਸ. ਡੀ. ਐੱਮ. ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਲਿਆ ਸਥਿਤੀ ਜਾ ਜਾਇਜ਼ਾ
ਐਤਵਾਰ ਨੂੰ ਵੀ ਐੱਸ. ਡੀ. ਐੱਮ. ਅਜਨਾਲਾ ਡਾ. ਓਬਰਾਏ ਨੇ ਰਾਵੀ ਦਰਿਆ ਦਾ ਦੌਰਾ ਕੀਤਾ ਤੇ ਬੀ. ਐੱਸ. ਐੱਫ. ਅਤੇ ਹੋਰ ਪ੍ਰਬੰਧਕੀ ਅਧਿਕਾਰੀਆਂ ਨੂੰ ਨਾਲ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ 'ਚ ਪਾਣੀ ਆਮ ਵਹਾਅ ਵਿਚ ਹੈ। ਉੱਚਾਈ ਵੀ ਘੱਟ ਹੈ। ਉਥੇ ਹੀ ਬਿਆਸ ਦਰਿਆ ਵਿਚ ਵੀ ਪਾਣੀ ਦੇ ਹਾਲਾਤ ਇਕੋ-ਜਿਹੇ ਹਨ। ਸ਼ਨੀਵਾਰ ਦੀ ਤੁਲਨਾ 'ਚ ਪਾਣੀ 3 ਹਜ਼ਾਰ ਕਿਊਸਿਕ ਘੱਟ ਪਾਇਆ ਗਿਆ। ਅੰਮ੍ਰਿਤਸਰ ਜ਼ਿਲੇ ਦੇ ਸਰਹੱਦੀ ਇਲਾਕੇ ਰਾਵੀ ਦਰਿਆ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਦਰਿਆ ਵਿਚ ਪਾਣੀ ਨੂੰ ਝੱਲਣ ਦੀ ਸਮਰੱਥਾ 2 ਲੱਖ ਕਿਊਸਿਕ ਦੇ ਲਗਭਗ ਹੈ, ਜੇਕਰ ਇਸ ਤੋਂ ਵੱਧ ਪਾਣੀ ਆ ਜਾਵੇ ਤਾਂ ਹੜ੍ਹ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ ਪਰ ਐੱਸ. ਡੀ. ਐੱਮ. ਅਜਨਾਲਾ ਅਨੁਸਾਰ ਇਸ ਸਮੇਂ ਦਰਿਆ 'ਚ ਪਾਣੀ 90 ਹਜ਼ਾਰ ਕਿਊਸਿਕ ਤੋਂ ਵੀ ਘੱਟ ਹੈ ਅਤੇ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ।

- 2018 'ਚ ਰਾਵੀ ਦਰਿਆ ਤੋਂ 1.40 ਲੱਖ ਕਿਊਸਿਕ ਪਾਣੀ ਨਿਕਲ ਗਿਆ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ।
- 2017 'ਚ ਰਾਵੀ ਦਰਿਆ ਤੋਂ ਲਗਭਗ 2 ਲੱਖ ਕਿਊਸਿਕ ਪਾਣੀ ਨਿਕਲ ਗਿਆ ਪਰ ਕੋਈ ਨੁਕਸਾਨ ਨਹੀਂ ਹੋਇਆ।
- ਜੰਮੂ-ਕਸ਼ਮੀਰ ਦੇ ਉੱਜ ਦਰਿਆ ਤੋਂ ਰਾਵੀ ਦਰਿਆ 'ਚ ਪਾਣੀ ਆਉਂਦਾ ਹੈ, ਜੋ ਕੱਕੜ ਮੰਝ ਦਾ ਇਲਾਕਾ ਪਾਰ ਕਰਨ ਤੋਂ ਬਾਅਦ ਪਾਕਿਸਤਾਨ ਵੱਲ ਨਿਕਲ ਜਾਂਦਾ ਹੈ।


ਬਿਆਸ ਦਰਿਆ 'ਚ ਜ਼ਿਆਦਾ ਪਾਣੀ ਆਉਣ 'ਤੇ ਬਣ ਜਾਂਦੇ ਹਨ ਹੜ੍ਹ ਵਰਗੇ ਹਾਲਾਤ
ਬਿਆਸ ਦਰਿਆ ਦੀ ਗੱਲ ਕਰੀਏ ਤਾਂ ਇਸ ਵਿਚ ਮੌਜੂਦਾ ਹਾਲਾਤ 'ਚ ਪਾਣੀ 63 ਹਜ਼ਾਰ ਕਿਊਸਿਕ ਚੱਲ ਰਿਹਾ ਹੈ, ਜੋ ਸ਼ਨੀਵਾਰ ਨੂੰ 66 ਹਜ਼ਾਰ ਕਿਊਸਿਕ ਸੀ। ਇਸ ਦਰਿਆ 'ਚ ਵੀ 1.50 ਲੱਖ ਕਿਊਸਿਕ ਪਾਣੀ ਝੱਲਣ ਦੀ ਸਮਰੱਥਾ ਹੈ, ਜੇਕਰ ਇਸ ਤੋਂ ਵੱਧ ਪਾਣੀ ਦਰਿਆ 'ਚ ਆ ਜਾਂਦਾ ਹੈ ਤਾਂ ਆਸ-ਪਾਸ ਦੇ ਇਲਾਕਿਆਂ 'ਚ ਹੜ੍ਹ ਦੇ ਹਾਲਾਤ ਬਣ ਜਾਂਦੇ ਹਨ।

ਚੀਫ ਸੈਕਟਰੀ ਪੰਜਾਬ ਨੇ ਕੀਤੀ ਸੀਨੀਅਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ
ਹੜ੍ਹ ਦੇ ਅਲਰਟ ਨੂੰ ਦੇਖਦਿਆਂ ਚੀਫ ਸੈਕਟਰੀ ਪੰਜਾਬ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਸਮੇਤ ਹੋਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਕੀਤੀ। ਐਤਵਾਰ ਸ਼ਾਮ 4 ਵਜੇ ਹੋਈ ਇਸ ਕਾਨਫਰੰਸ 'ਚ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ, ਐੱਸ. ਐੱਸ. ਪੀ. ਦਿਹਾਤੀ, ਡਰੇਨੇਜ ਵਿਭਾਗ, ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਰਹੇ, ਜਿਸ ਵਿਚ ਡੀ. ਸੀ. ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲੇ 'ਚ ਹਾਲਾਤ ਨਾਰਮਲ ਹਨ ਅਤੇ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੈ।
 


Baljeet Kaur

Content Editor

Related News