ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ''ਤੇ ਵਰ੍ਹੇ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ

Wednesday, Aug 14, 2019 - 12:43 PM (IST)

ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ''ਤੇ ਵਰ੍ਹੇ ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ

ਅੰਮ੍ਰਿਤਸਰ : ਭਾਜਪਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ 370 ਧਾਰਾ ਦਾ ਵਿਰੋਧ ਕਰਨ 'ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਲੋਂ ਧਾਰਾ 370 ਹਟਾਉਣਾ ਲੋਕਤੰਤਰ ਦੇ ਵਿਰੁੱਧ ਹੈ, ਦੇ ਬਿਆਨ ਦੀ ਨਿਖੇਧੀ ਕਰਦਿਆਂ ਮਲਿਕ ਨੇ ਕਿਹਾ ਕਿ ਲੋਕਤੰਤਰ ਦੀ ਗੱਲ ਗਾਂਧੀ ਪਰਿਵਾਰ ਮੂੰਹੋਂ ਚੰਗੀ ਨਹੀਂ ਲੱਗਦੀ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਵਲੋਂ ਆਪਣੀ ਪਾਰਟੀ ਵਿਚ ਪਰਿਵਾਰਵਾਦ ਦਾ ਰਾਜ ਕਾਇਮ ਕੀਤਾ ਗਿਆ, ਇਸ ਦਾ ਸਬੂਤ ਹੈ ਕਿ ਪੰਡਿਤ ਨਹਿਰੂ, ਸ਼੍ਰੀਮਤੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਤੋਂ ਬਾਅਦ ਫਿਰ ਸੋਨੀਆ ਗਾਂਧੀ ਨੇ ਪਾਰਟੀ ਦੀ ਕਮਾਨ ਖੁਦ ਹੀ ਸੰਭਾਲ ਲਈ ਅਤੇ ਕਿਸੇ ਵਰਕਰ ਨੂੰ ਅੱਗੇ ਨਹੀਂ ਆਉਣ ਦਿੱਤਾ। ਮਲਿਕ ਨੇ ਕਿਹਾ ਕਿ ਇਕ ਦਲਿਤ ਕਾਂਗਰਸੀ ਵਰਕਰ ਸੀਤਾ ਰਾਮ ਕੇਸਰੀ ਜਦੋਂ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਾਉਣ ਲਈ ਉਨ੍ਹਾਂ ਨੂੰ ਧੱਕੇ ਮਾਰ ਕੇ ਕਾਂਗਰਸ ਦਫਤਰ ਵਿਚੋਂ ਬਾਹਰ ਕੱਢ ਦਿੱਤਾ ਗਿਆ, ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਾ ਰਾਓ ਜੀ ਦੀ ਮ੍ਰਿਤਕ ਦੇਹ ਦਾ ਕਾਂਗਰਸੀ ਦਫਤਰ ਵਿਚ ਅਪਮਾਨ ਵੀ ਲੋਕ ਨਹੀਂ ਭੁੱਲੇ। ਜੋ ਨੇਤਾ ਆਪਣੀ ਪਾਰਟੀ ਵਿਚ ਲੋਕਤੰਤਰ ਨਹੀਂ ਰੱਖ ਸਕੇ, ਉਹ ਕਿਸ ਮੂੰਹ ਨਾਲ ਦੇਸ਼ ਬਾਰੇ ਗੱਲ ਕਰਦੇ ਹਨ।

ਮਲਿਕ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦਲੇਰੀ ਨਾਲ ਅੱਤਵਾਦ ਅਤੇ ਵੱਖਵਾਦ ਸਮਰਥਕ ਧਾਰਾ 370, ਜੋ ਦੇਸ਼ ਵਿਰੋਧੀ ਸੀ, ਨੂੰ ਜੜ੍ਹੋਂ ਖਤਮ ਕੀਤਾ। ਮਲਿਕ ਨੇ ਕਿਹਾ ਕਿ ਕਸ਼ਮੀਰ ਦੇ ਮਸਲੇ 'ਤੇ ਪਾਕਿਸਤਾਨ ਅਤੇ ਕਾਂਗਰਸੀ ਬੋਲੀ ਭਾਈਵਾਲਾਂ ਵਾਂਗ ਲੱਗਦੀ ਹੈ ਅਤੇ ਅਜਿਹਾ ਲੱਗਦਾ ਹੈ ਕਿ 'ਕਾਂਗਰਸ ਕਾ ਹਾਥ ਪਾਕਿਸਤਾਨ ਕੇ ਸਾਥ'। ਮਲਿਕ ਨੇ ਕਿਹਾ ਕਿ ਪਾਕਿਸਤਾਨ ਨੂੰ ਇਹ ਤਕਲੀਫ ਹੈ ਕਿ ਹੁਣ ਉਨ੍ਹਾਂ ਦੀ ਵੱਖਵਾਦੀ ਤੇ ਅੱਤਵਾਦੀ ਕਾਰਵਾਈਆਂ 'ਤੇ ਨਕੇਲ ਲੱਗੇਗੀ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕਾਂਗਰਸ ਇਸ ਮੁੱਦੇ 'ਤੇ ਪਾਕਿਸਤਾਨ ਦੇ ਨਾਲ ਖੜ੍ਹੀ ਕਿਉਂ ਨਜ਼ਰ ਆਉਂਦੀ ਹੈ। ਮਲਿਕ ਨੇ ਕਿਹਾ ਕਿ ਅੱਜ ਧਾਰਾ 370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ ਤੇ ਲੱਦਾਖ ਵਿਚ ਸਿੱਖਿਆ, ਸਿਹਤ ਸੇਵਾਵਾਂ, ਵਿਕਾਸ ਦਾ ਇਕ ਨਵਾਂ ਇਤਿਹਾਸ ਰਚਿਆ ਜਾਵੇਗਾ ਅਤੇ ਆਰਥਿਕ ਰੂਪ ਵਿਚ ਧਾਰਾ 370 ਕਾਰਣ ਪੱਛੜੇ ਸੂਬੇ ਦੇ ਵਸਨੀਕਾਂ ਦਾ ਜੀਵਨ ਸਰਵ-ਸੁਵਿਧਾ ਸੰਪੰਨ ਬਣੇਗਾ।


author

Baljeet Kaur

Content Editor

Related News