ਬਜ਼ੁਰਗ ਔਰਤ ਅਤੇ ਨੌਜਵਾਨ ਤੋਂ ਰਬੜ ਫੋਮ ''ਚ 664 ਗ੍ਰਾਮ ਸੋਨਾ ਜ਼ਬਤ
Sunday, Dec 22, 2019 - 02:10 PM (IST)

ਅੰਮ੍ਰਿਤਸਰ (ਨੀਰਜ) : ਐੱਸ. ਜੀ. ਆਰ. ਡੀ. (ਸ੍ਰੀ ਗੁਰੂ ਰਾਮ ਦਾਸ) ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਨੂੰ ਸੋਨਾ ਸਮੱਗਲਿੰਗ ਖਿਲਾਫ ਜਾਰੀ ਮੁਹਿੰਮ 'ਚ ਵੱਡੀ ਸਫਲਤਾ ਹੱਥ ਲੱਗੀ ਹੈ। ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ 'ਚ ਸਵਾਰ ਇਕ 66 ਸਾਲਾਂ ਦੀ ਔਰਤ ਅਤੇ 22 ਸਾਲ ਦੇ ਨੌਜਵਾਨ ਤੋਂ ਕਸਟਮ ਵਿਭਾਗ ਦੀ ਟੀਮ ਨੇ 664 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਸੋਨੇ ਦੀ ਸਮੱਗਲਿੰਗ ਕਰਨ ਲਈ ਇਸ ਵਾਰ ਉਕਤ ਮੁਲਜ਼ਮਾਂ ਨੇ ਵੱਖਰਾ ਹੀ ਤਰੀਕਾ ਅਪਨਾਇਆ, ਜਿਸ ਨੂੰ ਟਰੇਸ ਕਰ ਪਾਉਣਾ ਵਿਭਾਗ ਲਈ ਆਸਾਨ ਨਹੀਂ ਸੀ। ਔਰਤ ਨੇ ਸੋਨੇ ਨੂੰ ਰਬੜ ਫੋਮ ਜ਼ਰੀਏ ਅੰਦਰੂਨੀ ਵਸਤਰ 'ਚ ਲੁਕਾ ਰੱਖਿਆ ਸੀ ਜਦੋਂ ਕਿ ਨੌਜਵਾਨ ਨੇ ਰਬੜ ਫੋਮ 'ਚ ਸੋਨਾ ਲੁਕਾ ਕੇ ਆਪਣੇ ਪ੍ਰਾਈਵੇਟ ਪਾਰਟ 'ਚ ਸੋਨਾ ਰੱਖਿਆ ਹੋਇਆ ਸੀ ਪਰ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਤਾਇਨਾਤ ਅਸਿਸਟੈਂਟ ਕਮਿਸ਼ਨਰ ਚੰਦਨ ਕੁਮਾਰ ਨੂੰ ਮੁਲਜ਼ਮ ਚਕਮਾ ਦੇਣ 'ਚ ਸਫਲ ਨਹੀਂ ਹੋ ਸਕੇ।
ਸੋਨਾ ਸਮਗੱਲਿੰਗ ਦਾ ਇਹ ਕੇਸ ਆਪਣੀ ਹੀ ਤਰ੍ਹਾਂ ਦਾ ਇਕ ਵੱਖਰਾ ਕੇਸ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮਹਿਲਾ ਦਾ ਨਾਂ ਹਰੀ ਜਠਾਣੀ ਹੈ ਜਦੋਂ ਕਿ ਨੌਜਵਾਨ ਦਾ ਨਾਂ ਮਯੂਰ ਰੋਹਿਰਾ ਹੈ ਜੋ ਦੋਵੇਂ ਗੁਜਰਾਤ ਦੇ ਰਹਿਣ ਵਾਲੇ ਹਨ। ਕਸਟਮ ਵਿਭਾਗ ਨੂੰ ਸ਼ੱਕ ਹੈ ਕਿ ਦੋਵੇਂ ਹੀ ਮੁਲਜ਼ਮ ਆਪਸ ਵਿਚ ਦਾਦੀ-ਪੋਤਾ ਹਨ। ਕਮਿਸ਼ਨਰ ਕਸਟਮ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਮੁਲਜ਼ਮ ਕੁਰੀਅਰ ਹਨ ਜਾਂ ਫਿਰ ਆਪਣੇ ਰਿਸਕ 'ਤੇ ਸੋਨਾ ਲੈ ਕੇ ਆ ਰਹੇ ਸਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਜਿਸ ਤਰੀਕੇ ਨਾਲ ਰਬੜ ਫੋਮ 'ਚ ਸੋਨਾ ਲੁਕਾ ਕੇ ਲਿਆਂਦਾ ਜਾ ਰਿਹਾ ਸੀ ਉਹ ਇਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ ਅਤੇ ਸੋਨਾ ਸਮੱਗਲਿੰਗ ਦੀ ਇਕ ਵੱਡੀ ਚੇਨ ਇਸ ਵਿਚ ਸ਼ਾਮਲ ਹੈ।