2 ਕੌਮਾਂਤਰੀ ਸਮੱਗਲਰਾਂ ਨੂੰ 12-12 ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਜੁਰਮਾਨਾ

12/07/2019 2:36:36 PM

ਅੰਮ੍ਰਿਤਸਰ (ਮਹਿੰਦਰ) : 10 ਕਿਲੋ ਹੈਰੋਇਨ ਬਰਾਮਦ ਕੀਤੇ ਜਾਣ ਦੇ ਇਕ ਮਾਮਲੇ 'ਚ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਹਰਜੀਤ ਸਿੰਘ ਖਾਲਸਾ ਦੀ ਅਦਾਲਤ ਨੇ 63 ਸਾਲਾ ਅੰਗਰੇਜ਼ ਸਿੰਘ ਅਤੇ 46 ਸਾਲਾ ਪ੍ਰਭਜੀਤ ਸਿੰਘ ਨਾਂ ਦੇ 2 ਕੌਮਾਂਤਰੀ ਸਮੱਗਲਰਾਂ ਨੂੰ 12-12 ਸਾਲ ਦੀ ਕੈਦ ਅਤੇ ਡੇਢ-ਡੇਢ ਲੱਖ ਰੁਪਏ ਜੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਰਾਸ਼ੀ ਅਦਾ ਨਾ ਕਰਨ 'ਤੇ ਉਨ੍ਹਾਂ ਨੂੰ 2-2 ਸਾਲ ਦੀ ਵਾਧੂ ਕੈਦ ਵੀ ਹੋਵੇਗੀ, ਜਦੋਂ ਕਿ ਸੁਖਦੇਵ ਸਿੰਘ ਉਰਫ ਸੁੱਖਾ ਅਤੇ ਅਮੋਲਕ ਸਿੰਘ ਨਾਂ ਦੇ 2 ਹੋਰ ਕਥਿਤ ਮੁਲਜ਼ਮਾਂ ਨੂੰ ਨਿਰਦੋਸ਼ ਮੰਨਦਿਆਂ ਉਨ੍ਹਾਂ ਨੂੰ ਬਰੀ ਵੀ ਕਰ ਦਿੱਤਾ ਗਿਆ।

ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ 30-8-2014 ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21, 25, 29 ਤਹਿਤ ਦਰਜ ਕੀਤੇ ਗਏ ਮੁਕੱਦਮਾ ਨੰਬਰ 11/2014 ਅਨੁਸਾਰ ਤਤਕਾਲੀਨ ਇੰਸਪੈਕਟਰ ਬਲਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿ ਸਰਹੱਦ 'ਤੇ ਸਥਿਤ ਪਿੰਡ ਭਰੋਭਾਲ ਵਾਸੀ 63 ਸਾਲਾ ਅੰਗਰੇਜ਼ ਸਿੰਘ ਪੁੱਤਰ ਨਿਰੰਜਣ ਸਿੰਘ ਅਤੇ ਪਿੰਡ ਹੁਸ਼ਿਆਰ ਨਗਰ ਵਾਸੀ 46 ਸਾਲਾ ਪ੍ਰਭਜੀਤ ਸਿੰਘ ਪੁੱਤਰ ਅਜੀਤ ਸਿੰਘ ਦੇ ਸਰਹੱਦ ਪਾਰ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਸਬੰਧ ਬਣੇ ਹੋਏ ਹਨ। ਜੋ ਉਨ੍ਹਾਂ ਦੇ ਸੰਪਰਕ ਵਿਚ ਰਹਿ ਕੇ ਸਰਹੱਦ ਪਾਰੋਂ ਨਸ਼ੇ ਵਾਲੇ ਪਦਾਰਥ ਅਤੇ ਹੋਰ ਕਈ ਤਰ੍ਹਾਂ ਦਾ ਸਾਮਾਨ ਮੰਗਵਾ ਕੇ ਪੰਜਾਬ ਅਤੇ ਦੂਜੇ ਸੂਬਿਆਂ 'ਚ ਉਨ੍ਹਾਂ ਦੀ ਸਮੱਗਲਿੰਗ ਕਰ ਰਹੇ ਹਨ। ਇਹ ਲੋਕ ਉਸ ਦਿਨ ਵੀ ਕਾਰ ਨੰ. ਪੀ ਬੀ 06 ਆਰ 4588 'ਚ ਲੁਹਾਰਕਾ ਰੋਡ ਬਾਈਪਾਸ ਨੇੜੇ ਇਕ ਵੱਡੀ ਖੇਪ ਕਿਸੇ ਨੂੰ ਸਪਲਾਈ ਕਰਨ ਆ ਰਹੇ ਹਨ। ਇਸ ਗੁਪਤ ਸੂਚਨਾ ਦੇ ਆਧਾਰ 'ਤੇ ਇੰਸਪੈਕਟਰ ਬਲਬੀਰ ਸਿੰਘ ਨੇ ਆਪਣੇ ਉੱਚ ਅਧਿਕਾਰੀ ਏ. ਆਈ. ਜੀ. ਮਨਮੋਹਨ ਸਿੰਘ ਦੀ ਜਾਣਕਾਰੀ ਵਿਚ ਲਿਆਂਦੇ ਜਾਣ ਤੋਂ ਬਾਅਦ ਦੱਸੇ ਗਏ ਟਿਕਾਣੇ 'ਤੇ ਦੋਵਾਂ ਸਮੱਗਲਰਾਂ ਨੂੰ ਕਾਬੂ ਕਰ ਕੇ ਤਤਕਾਲੀਨ ਡੀ. ਐੱਸ. ਪੀ. ਅਸ਼ੋਕ ਕਪੂਰ ਦੀ ਹਾਜ਼ਰੀ 'ਚ ਉਨ੍ਹਾਂ ਦੇ ਕਬਜ਼ੇ 'ਚੋਂ 10 ਕਿਲੋ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।

ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਪਿੰਡ ਦਾਊਕੇ ਵਾਸੀ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਬਾਜ ਸਿੰਘ ਅਤੇ ਜ਼ਿਲਾ ਤਰਨਤਾਰਨ ਦੇ ਪਿੰਡ ਠੱਠਾ ਵਾਸੀ ਅਮੋਲਕ ਸਿੰਘ ਪੁੱਤਰ ਪ੍ਰਗਟ ਸਿੰਘ ਨੂੰ ਵੀ ਨਾਮਜ਼ਦ ਕਰ ਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਪੁਲਸ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਾਂਚ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਲੋਕ ਵੀ ਮੁੱਖ ਸਮੱਗਲਰਾਂ ਨਾਲ ਮਿਲ ਕੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਕਰਦੇ ਹਨ ਪਰ ਅਦਾਲਤ 'ਚ ਪ੍ਰੋਸੀਕਿਊਸ਼ਨ ਇਨ੍ਹਾਂ ਦੋਵਾਂ ਖਿਲਾਫ ਲਾਏ ਗਏ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕਿਆ ਸੀ, ਜਿਸ ਕਾਰਣ ਅਦਾਲਤ ਨੇ ਦੋਵਾਂ ਨੂੰ ਨਿਰਦੋਸ਼ ਮੰਨਦਿਆਂ ਉਨ੍ਹਾਂ ਨੂੰ ਬਰੀ ਕਰ ਦਿੱਤਾ।


Baljeet Kaur

Content Editor

Related News