IPL 2024 : ਜਿੱਤ ਤੋਂ ਬਾਅਦ ਰਿਸ਼ਭ ਪੰਤ ਨੂੰ ਝਟਕਾ, 12 ਲੱਖ ਦਾ ਜੁਰਮਾਨਾ ਲੱਗਿਆ
Monday, Apr 01, 2024 - 03:20 PM (IST)

ਵਿਸ਼ਾਖਾਪਟਨਮ : ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਦੌਰਾਨ ਹੌਲੀ ਓਵਰ-ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਐਤਵਾਰ ਨੂੰ ਖੇਡੇ ਗਏ ਇਸ ਮੈਚ 'ਚ ਦਿੱਲੀ ਨੇ ਮੌਜੂਦਾ ਚੈਂਪੀਅਨ ਚੇਨਈ ਨੂੰ 20 ਦੌੜਾਂ ਨਾਲ ਹਰਾਇਆ।
ਆਈਪੀਐਲ ਨੇ ਇੱਕ ਬਿਆਨ ਵਿੱਚ ਕਿਹਾ, 'ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਆਈਪੀਐਲ ਮੈਚ ਦੌਰਾਨ ਹੌਲੀ ਓਵਰ ਰੇਟ ਰੱਖਣ ਲਈ ਜੁਰਮਾਨਾ ਲਗਾਇਆ ਗਿਆ ਹੈ। ਬਿਆਨ ਦੇ ਮੁਤਾਬਕ, 'ਆਈਪੀਐਲ ਕੋਡ ਆਫ ਕੰਡਕਟ ਦੇ ਤਹਿਤ, ਇਹ ਟੀਮ ਦਾ ਸੀਜ਼ਨ ਦਾ ਪਹਿਲਾ ਹੌਲੀ ਓਵਰ ਰੇਟ ਨਾਲ ਸਬੰਧਤ ਅਪਰਾਧ ਹੈ, ਇਸ ਲਈ ਪੰਤ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।' ਦਿੱਲੀ ਨੇ ਇਹ ਮੈਚ ਜਿੱਤ ਕੇ ਇਸ ਸੈਸ਼ਨ ਵਿੱਚ ਆਪਣਾ ਖਾਤਾ ਵੀ ਖੋਲ੍ਹਿਆ।
ਜ਼ਿਕਰਯੋਗ ਹੈ ਕਿ ਕ੍ਰਿਕਟ ਪ੍ਰਸ਼ੰਸਕਾਂ ਨੇ ਵਿਸਾਖਾਪਟਨਮ ਦੇ ਮੈਦਾਨ 'ਚ ਮਹਿੰਦਰ ਸਿੰਘ ਧੋਨੀ ਨੂੰ ਆਖਰੀ ਓਵਰਾਂ 'ਚ ਕਾਫੀ ਚੌਕੇ ਅਤੇ ਛੱਕੇ ਮਾਰਦੇ ਦੇਖਿਆ। ਪਰ ਧੋਨੀ ਦੀ ਇਹ ਪਾਰੀ ਵੀ ਚੇਨਈ ਨੂੰ ਦਿੱਲੀ ਕੈਪੀਟਲਸ ਦੇ ਖਿਲਾਫ ਜਿੱਤ ਵਿੱਚ ਮਦਦ ਨਹੀਂ ਕਰ ਸਕੀ। ਪਹਿਲਾਂ ਖੇਡਦਿਆਂ ਦਿੱਲੀ ਨੇ ਡੇਵਿਡ ਵਾਰਨਰ ਅਤੇ ਰਿਸ਼ਭ ਪੰਤ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 191 ਦੌੜਾਂ ਬਣਾਈਆਂ ਸਨ। ਜਵਾਬ 'ਚ ਚੇਨਈ ਦੀ ਸ਼ੁਰੂਆਤ ਖਰਾਬ ਰਹੀ। ਪਰ ਰਹਾਣੇ ਅਤੇ ਡੇਰਿਲ ਮਿਸ਼ੇਲ ਨੇ ਮੈਚ ਨੂੰ ਜਿਉਂਦਾ ਰੱਖਿਆ। ਅੰਤ ਵਿੱਚ ਮਹਿੰਦਰ ਸਿੰਘ ਧੋਨੀ ਨੇ 16 ਗੇਂਦਾਂ ਵਿੱਚ 37 ਦੌੜਾਂ ਬਣਾਈਆਂ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਚੇਨਈ ਨੂੰ 20 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।