ਜਿਸ ਨੂੰ ਪਰਿਵਾਰ ਸਮਝ ਰਿਹਾ ਸੀ ਮਰਿਆ, ਉਹ 17 ਸਾਲ ਬਾਅਦ ਪਾਕਿ ਤੋਂ ਪਰਤਿਆ

Thursday, Nov 28, 2019 - 09:16 AM (IST)

ਜਿਸ ਨੂੰ ਪਰਿਵਾਰ ਸਮਝ ਰਿਹਾ ਸੀ ਮਰਿਆ, ਉਹ 17 ਸਾਲ ਬਾਅਦ ਪਾਕਿ ਤੋਂ ਪਰਤਿਆ

ਅੰਮ੍ਰਿਤਸਰ/ਮਾਲੇਰਕੋਟਲਾ (ਨੀਰਜ, ਜ਼ਹੂਰ, ਸ਼ਹਾਬੂਦੀਨ, ਯਾਸੀਨ) : ਮਾਲੇਰਕੋਟਲਾ ਵਾਸੀ ਗੁਲਾਮ ਫਰੀਦ ਸਾਲ 2002 'ਚ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ ਅਤੇ ਉਸ ਦਾ ਪਰਿਵਾਰ ਸਾਲਾਂ ਤੱਕ ਭਾਲ ਕਰਨ ਤੋਂ ਬਾਅਦ ਸਮਝ ਬੈਠਾ ਸੀ ਕਿ ਉਹ ਮਰ ਚੁੱਕਾ ਹੈ ਪਰ ਬੁੱਧਵਾਰ ਗੁਲਾਮ ਫਰੀਦ 17 ਸਾਲ ਦੇ ਇੰਤਜ਼ਾਰ ਬਾਅਦ ਭਾਰਤ ਪਰਤ ਆਇਆ।

ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ 2 ਭਾਰਤੀ ਕੈਦੀ ਗੁਲਾਮ ਫਰੀਦ ਅਤੇ ਤਿਲਕ ਰਾਜ ਦੀ ਰਿਹਾਈ ਕੀਤੀ ਗਈ। ਗੁਲਾਮ ਫਰੀਦ ਨੂੰ 13 ਸਾਲ ਦੀ ਸਜ਼ਾ ਸੁਣਾਈ ਗਈ ਪਰ 17 ਸਾਲ ਦੀ ਸਜ਼ਾ ਕੱਟਣੀ ਪਈ। ਇਸੇ ਤਰ੍ਹਾਂ ਤਿਲਕ ਰਾਜ ਨੂੰ ਵੀ 14 ਸਾਲ ਦੀ ਸਜ਼ਾ ਕੱਟਣੀ ਪਈ। ਤਿਲਕ ਰਾਜ ਜੰਮੂ ਦਾ ਰਹਿਣ ਵਾਲਾ ਹੈ ਅਤੇ ਆਪਣੇ ਪਰਿਵਾਰ ਨੂੰ ਮਿਲਣ ਜਾ ਰਿਹਾ ਹੈ। ਗੁਲਾਮ ਫਰੀਦ ਦੀ ਰਿਹਾਈ 'ਚ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਕਿਉਂਕਿ ਗੁਲਾਮ ਫਰੀਦ ਦੀ ਭਾਲ ਕਰ ਰਹੇ ਪਰਿਵਾਰ ਨੇ ਮਾਲੇਰਕੋਟਲਾ ਦੇ ਨਗਰ ਪੰਚਾਇਤ ਮੈਂਬਰ ਬੇਅੰਤ ਕਿੰਗਰਾ ਨਾਲ ਸੰਪਰਕ ਕੀਤਾ ਅਤੇ ਸੋਸ਼ਲ ਮੀਡੀਆ ਜ਼ਰੀਏ ਔਜਲਾ ਦੇ ਪਰਿਵਾਰ ਨਾਲ ਸੰਪਰਕ ਹੋਇਆ। ਔਜਲਾ ਨੇ ਪੀੜਤ ਪਰਿਵਾਰ ਨੂੰ ਵਿਦੇਸ਼ ਮੰਤਰੀ ਨਾਲ ਮਿਲਵਾਇਆ, ਜਿਸ ਤੋਂ ਬਾਅਦ ਗੁਲਾਮ ਫਰੀਦ ਦੀ ਕੋਟਲੱਖਪਤ ਜੇਲ 'ਚ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਵ੍ਹਾਈਟ ਪਾਸਪੋਰਟ ਭੇਜ ਕੇ ਗੁਲਾਮ ਫਰੀਦ ਨੂੰ ਰਿਹਾਅ ਕਰਵਾਇਆ ਗਿਆ।

4 ਭਰਾਵਾਂ ਅਤੇ 3 ਭੈਣਾਂ ਦੇ ਭਰਾ ਗੁਲਾਮ ਫਰੀਦ ਨੂੰ ਰੈੱਡ ਕਰਾਸ ਦਫਤਰ 'ਚ ਲੈਣ ਆਈ ਉਸ ਦੀ ਮਾਂ ਸਦੀਕਨ ਆਪਣੇ ਬੇਟੇ ਨੂੰ ਦੇਖ ਕੇ ਰੋ ਪਈ ਅਤੇ ਉਸ ਨੇ ਭਾਰਤ ਸਰਕਾਰ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਧੰਨਵਾਦ ਅਦਾ ਕੀਤਾ। ਰੈੱਡ ਕਰਾਸ ਦਫਤਰ 'ਚ ਔਜਲਾ ਦੇ ਭਰਾ ਸੁਖਜਿੰਦਰ ਸਿੰਘ ਸੁੱਖ ਨੇ ਗੁਲਾਮ ਫਰੀਦ ਦੇ ਪਰਿਵਾਰ ਦਾ ਸਵਾਗਤ ਕੀਤਾ।

ਛੱਡ ਬੈਠਾ ਸੀ ਪਰਿਵਾਰ ਨਾਲ ਮਿਲਣ ਦੀ ਉਮੀਦ
ਰੈੱਡ ਕਰਾਸ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਲਾਮ ਫਰੀਦ ਨੇ ਕਿਹਾ ਕਿ ਉਸ ਨੂੰ ਬਿਨਾਂ ਕਾਰਣ 17 ਸਾਲ ਤੱਕ ਪਾਕਿਸਤਾਨ 'ਚ ਸਜ਼ਾ ਕੱਟਣੀ ਪਈ, ਉਹ ਆਪਣੇ ਪਰਿਵਾਰ ਨਾਲ ਮਿਲਣ ਦੀ ਉਮੀਦ ਛੱਡ ਬੈਠਾ ਸੀ ਪਰ ਸੰਸਦ ਮੈਂਬਰ ਔਜਲਾ ਦੀ ਕੋਸ਼ਿਸ਼ ਨਾਲ ਉਹ ਅੱਜ ਫਿਰ ਆਪਣੇ ਪਰਿਵਾਰ 'ਚ ਜਾ ਰਿਹਾ ਹੈ।


author

cherry

Content Editor

Related News