ICP ਅਟਾਰੀ ''ਤੇ ਟੂਰਿਸਟਾਂ ਦੀ ਐਂਟਰੀ ਬੰਦ, ਪਾਕਿਸਤਾਨ ''ਚ ਫਸੇ ਦਰਜਨਾਂ ਭਾਰਤੀ ਨਾਗਰਿਕ
Friday, Mar 20, 2020 - 09:23 AM (IST)
ਅੰਮ੍ਰਿਤਸਰ (ਨੀਰਜ) : ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਹਰ ਤਰ੍ਹਾਂ ਦੇ ਦੇਸੀ-ਵਿਦੇਸ਼ੀ ਟੂਰਿਸਟਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰੀਟ੍ਰੀਟ ਸੈਰਾਮਨੀ ਥਾਂ 'ਤੇ ਟੂਰਿਸਟਾਂ ਦੀ ਐਂਟਰੀ ਬੰਦ ਕੀਤੀ ਗਈ ਸੀ। ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਆਉਣ ਵਾਲੇ ਟਰੱਕਾਂ ਨੂੰ ਵੀ ਬੰਦ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪਾਕਿਸਤਾਨ 'ਚ ਗਏ ਭਾਰਤੀ ਨਾਗਰਿਕਾਂ ਦੀ ਵਾਪਸੀ ਦਾ ਦੌਰ ਜਾਰੀ ਸੀ ਪਰ ਬੁੱਧਵਾਰ ਦੀ ਰਾਤ ਕੇਂਦਰ ਸਰਕਾਰ ਵਲੋਂ ਆਏ ਆਦੇਸ਼ਾਂ ਅਨੁਸਾਰ ਹੁਣ ਕਿਸੇ ਵੀ ਵਿਅਕਤੀ ਨੂੰ ਭਾਰਤੀ ਸੀਮਾ 'ਚ ਐਂਟਰੀ ਨਹੀਂ ਕਰਨ ਦਿੱਤੀ ਜਾਵੇਗੀ, ਚਾਹੇ ਉਹ ਭਾਰਤੀ ਨਾਗਰਿਕ ਹੀ ਕਿਉਂ ਨਾ ਹੋਵੇ। ਉਥੇ ਹੀ ਸਰਕਾਰ ਵਲੋਂ ਜਾਰੀ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਭਾਰਤ-ਪਾਕਿ ਜ਼ੀਰੋ ਲਾਈਨ 'ਤੇ ਲਗਭਗ 25 ਭਾਰਤੀ ਯਾਤਰੀਆਂ ਨੂੰ ਭਾਰਤੀ ਸੀਮਾ 'ਚ ਐਂਟਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਸੂਚਨਾ ਮਿਲ ਰਹੀ ਹੈ ਕਿ ਅਜੇ ਵੀ ਦਰਜਨਾਂ ਭਾਰਤੀ ਨਾਗਰਿਕ ਪਾਕਿਸਤਾਨ 'ਚ ਫਸੇ ਹੋਏ ਹਨ, ਜਿਨ੍ਹਾਂ ਦਾ ਵੀਜ਼ਾ ਖਤਮ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਕੋਰੋਨਾ 119 ਲੋਕਾਂ ਦੇ ਸੰਪਰਕ 'ਚ ਆਈ ਇੰਗਲੈਂਡ ਤੋਂ ਪਰਤੀ ਕੁੜੀ, ਸਭ ਨੂੰ ਲੱਭ ਰਿਹੈ ਪ੍ਰਸ਼ਾਸਨ
ਬੁੱਧਵਾਰ ਰਾਤ ਨੂੰ ਵੀ ਜੋ 35 ਯਾਤਰੀ ਪਾਕਿਸਤਾਨ ਦੇ ਰਸਤੇ ਭਾਰਤ ਆਏ ਸਨ, ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਰੀਹੈਬਲੀਟੇਸ਼ਨ ਸੈਂਟਰ 'ਚ ਰੱਖਿਆ ਗਿਆ ਹੈ। ਹਾਲਾਂਕਿ ਇਨ੍ਹਾਂ ਯਾਤਰੀਆਂ 'ਚ ਆਈਆਂ ਜੰਮੂ-ਕਸ਼ਮੀਰ ਦੀਆਂ 13 ਲੜਕੀਆਂ ਨੇ ਸਵੇਰ ਦੇ ਸਮੇਂ ਕਾਫ਼ੀ ਹੰਗਾਮਾ ਕੀਤਾ ਅਤੇ ਰੀਹੈਬਲੀਟੇਸ਼ਨ ਸੈਂਟਰ 'ਚ ਰੁਕਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਣ ਐੱਸ. ਡੀ. ਐੱਮ. ਅੰਮ੍ਰਿਤਸਰ-2 ਸ਼ਿਵਰਾਜ ਸਿੰਘ ਬੱਲ ਨੂੰ ਮੌਕੇ 'ਤੇ ਆਉਣਾ ਪਿਆ ਅਤੇ ਉਨ੍ਹਾਂ ਵੱਲੋਂ ਸਮਝਾਏ ਜਾਣ ਤੋਂ ਬਾਅਦ ਲੜਕੀਆਂ ਸੈਂਟਰ 'ਚ ਜਾਣ ਨੂੰ ਤਿਆਰ ਹੋ ਗਈਆਂ। ਐੱਸ. ਡੀ. ਐੱਮ. ਬੱਲ ਨੇ ਦੱਸਿਆ ਕਿ ਪਾਕਿਸਤਾਨ ਤੋਂ ਆਏ ਸਾਰੇ ਯਾਤਰੀਆਂ ਨੂੰ ਪੂਰੀ ਸੁਰੱਖਿਆ ਨਾਲ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਮੈਡੀਕਲ ਟੈਸਟ ਰਿਪੋਰਟ ਠੀਕ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਆਪਣੇ ਘਰਾਂ 'ਚ ਜਾਣ ਦਿੱਤਾ ਜਾਵੇਗਾ। ਇਸ ਪ੍ਰਕਿਰਿਆ 'ਚ 14 ਦਿਨ ਦਾ ਸਮਾਂ ਵੀ ਲੱਗ ਸਕਦਾ ਹੈ ਕਿਉਂਕਿ ਸਰਕਾਰ ਕਿਸੇ ਤਰ੍ਹਾਂ ਦਾ ਰਿਸਕ ਲੈਣ ਨੂੰ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ :
ਇਹ ਵੀ ਪੜ੍ਹੋ : PM ਮੋਦੀ ਨੇ ਕੀਤੀ ਦੇਸ਼ਵਾਸੀਆਂ ਤੋਂ ਜਨਤਾ ਕਰਫਿਊ ਦੀ ਮੰਗ