‘ਬੌਸ’ ਦੇ ਕ੍ਰੈਡਿਟ ਕਾਰਡ ਨਾਲ ਲੱਖਾਂ ਡਕਾਰ ਕੇ ਫਰਾਰ ‘ਮੈਡਮ’ ਚੜ੍ਹੀ ਪੁਲਸ ਹੱਥੇ
Wednesday, Sep 04, 2019 - 02:02 PM (IST)
ਅੰਮ੍ਰਿਤਸਰ (ਸਫਰ) - ਥਾਣਾ ਰਣਜੀਤ ਐਵੀਨਿਊ ’ਚ ਬੀਤੀ 6 ਜੂਨ ਨੂੰ ਦਰਜ ਐੱਫ. ਆਈ. ਆਰ. ਨੰਬਰ 79 ’ਚ ਨਾਮਜ਼ਦ ਈਸ਼ਾ ਢੀਂਗਰਾ ਨੂੰ ਅੰਮ੍ਰਿਤਸਰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਕਤ ਮੈਡਮ ’ਤੇ ਦੋਸ਼ ਹੈ ਕਿ ਅੰਮ੍ਰਿਤਸਰ ਦੇ ਇਕ ਇਮੀਗ੍ਰੇਸ਼ਨ ਸੈਂਟਰ (ਕੈਂਬ੍ਰਿਜ ਇੰਟਰਨੈਸ਼ਨਲ ਅਕੈਡਮੀ) ’ਚ ਬਤੌਰ ਕੰਮ ਕਰਦਿਆਂ ਉਸ ਨੂੰ ਬੌਸ ਨੇ ਜੋ ਜ਼ਿੰਮੇਵਾਰੀ ਸੌਂਪੀ ਸੀ, ਉਸ ਦੀ ਆੜ ’ਚ ਬੌਸ ਦੇ ਕ੍ਰੈਡਿਟ ਕਾਰਡ ਨਾਲ ਹੀ ਲੱਖਾਂ ਦਾ ਚੂਨਾ ਲਾ ਦਿੱਤਾ। ਇਸ ਮਾਮਲੇ ਦੀ ਸ਼ਿਕਾਇਤ ਅਕੈਡਮੀ ਦੇ ਮਾਲਕ ਜਗਦੀਪ ਸਿੰਘ ਨੇ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੂੰ ਕੀਤੀ ਸੀ, ਜਿਨ੍ਹਾਂ ਨੇ ਇਸ ਮਾਮਲੇ ’ਚ ਉੱਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਸਨ। ਜਾਂਚ ਅਤੇ ਡੀ. ਏ. ਲੀਗਲ ਦੀ ਰਾਇ ਲੈਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਸੀ।
ਜਗਦੀਪ ਸਿੰਘ ਨੇ ਆਪਣੀ ਸ਼ਿਕਾਇਤ ’ਚ ਪੁਲਸ ਨੂੰ ਦੱਸਿਆ ਕਿ ਈਸ਼ਾ ਢੀਂਗਰਾ ਇਮੀਗ੍ਰੇਸ਼ਨ ਸੈਂਟਰ ’ਚ ਆਉਣ ਵਾਲੇ ਉਨ੍ਹਾਂ ਸਟੂਡੈਂਟਸ ਨੂੰ ਵਿਦੇਸ਼ ਜਾਣ ਲਈ ‘ਟੈਸਟ ਬੁੱਕ’ ਬਣਾਉਂਦੀ ਸੀ। 2017 ’ਚ ਫਗਵਾੜਾ ਤੋਂ ਆ ਕੇ ਈਸ਼ਾ ਢੀਂਗਰਾ ਨੇ ਅੰਮ੍ਰਿਤਸਰ ਵਿਚ ਨੌਕਰੀ ਕਰਦਿਆਂ ਕੁਝ ਹੀ ਸਮੇਂ ’ਚ ਵਿਸ਼ਵਾਸ ਬਣਾ ਲਿਆ। ਤਨਖਾਹ ਵੀ ਵਧੀ ਤਾਂ ਜ਼ਿੰਮੇਵਾਰੀ ਵੀ ਵੱਧ ਗਈ। ਇਸ ਦੌਰਾਨ ਬੌਸ (ਜਗਦੀਪ ਸਿੰਘ) ਦੇ ਕ੍ਰੈਡਿਟ ਕਾਰਡ ਜਿਨ੍ਹਾਂ ਦੀ ਵਿਦੇਸ਼ੀ ਬੈਂਕਾਂ ’ਚ ਇਮੀਗ੍ਰੇਸ਼ਨ ਫੀਸ ਜਮ੍ਹਾ ਕਰਵਾਉਣ ਲਈ ਵਰਤੋਂ ਕੀਤੀ ਜਾਂਦੀ ਸੀ, ਨੂੰ ਈਸ਼ਾ ਢੀਂਗਰਾ ਅਕੈਡਮੀ ਦੇ ਕਾਰੋਬਾਰ ਲਈ ਵਰਤੋਂ ਕਰਨ ਦੀ ਛੂਟ ਮਿਲਦੇ ਹੀ ਉਸ ਨੇ 1 ਲੱਖ 30 ਰੁਪਏ ਦੀ ਸ਼ਾਪਿੰਗ ਕੈਨੇਡਾ ’ਚ ਕੀਤੀ, ਬਾਕੀ ਸ਼ਾਪਿੰਗ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ’ਚ ਕਰਦੀ ਰਹੀ। ਖੁਲਾਸਾ ਹੋਣ ਤੋਂ ਬਾਅਦ ਰਾਤੋ-ਰਾਤ ਈਸ਼ਾ ਫਰਾਰ ਹੋ ਗਈ।
ਉਧਰ ਮਾਮਲਾ ਦਰਜ ਕਰ ਕੇ ਪੁਲਸ ਈਸ਼ਾ ਢੀਂਗਰਾ ਦੇ ਪਿੱਛੇ ਲੱਗ ਗਈ ਅਤੇ ਮੰਗਲਵਾਰ ਸਵੇਰੇ ਹੀ ਉਸ ਨੂੰ ਅੰਮ੍ਰਿਤਸਰ ਪੁਲਸ ਨੇ ਗ੍ਰਿਫਤਾਰ ਕਰ ਲਿਆ, ਹਾਲਾਂਕਿ ਈਸ਼ਾ ਢੀਂਗਰਾ ਨੇ ‘ਜਗ ਬਾਣੀ’ ਨਾਲ ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਗੱਲਬਾਤ ’ਚ ਆਪਣੇ ’ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਉਧਰ, ਜਗਦੀਪ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਉਹ ਸੱਚਾਈ ਦੇ ਨਾਲ ਖਡ਼੍ਹੇ ਹਨ, ਸਾਰੇ ਸਬੂਤ ਉਨ੍ਹਾਂ ਕੋਲ ਹਨ।