ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ''ਤੇ ਭਾਈ ਲੌਂਗੋਵਾਲ ਨੇ ਜਤਾਇਆ ਇਤਰਾਜ਼

Thursday, Oct 10, 2019 - 02:55 PM (IST)

ਭਾਗਵਤ ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣ ''ਤੇ ਭਾਈ ਲੌਂਗੋਵਾਲ ਨੇ ਜਤਾਇਆ ਇਤਰਾਜ਼

ਅੰਮ੍ਰਿਤਸਰ (ਦੀਪਕ ਸ਼ਰਮਾ) : ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਵਲੋਂ ਨਾਗਪੁਰ 'ਚ ਦੁਸਹਿਰੇ ਮੌਕੇ ਇਕ ਸਮਾਗਮ ਦੌਰਾਨ ਭਾਰਤ ਨੂੰ ਹਿੰਦੂ ਰਾਸ਼ਟਰ ਅਤੇ ਇਥੇ ਵੱਸਦੇ ਸਾਰੇ ਲੋਕਾਂ ਨੂੰ ਹਿੰਦੂ ਕਹਿਣ 'ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ-ਕੌਮੀ ਅਤੇ ਬਹੁ-ਭਾਸ਼ਾਈ ਦੇਸ਼ ਹੈ। ਇਥੇ ਵੱਸਣ ਵਾਲੇ ਵੱਖ-ਵੱਖ ਧਰਮਾਂ ਦਾ ਇਤਿਹਾਸ, ਸਿਧਾਂਤ ਅਤੇ ਰਹਿਣੀ ਆਪੋ-ਆਪਣੇ ਵਿਧਾਨ ਅਨੁਸਾਰ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਭਾਰਤੀ ਸੰਵਿਧਾਨ ਭਾਰਤ ਅੰਦਰ ਵੱਸਣ ਵਾਲੇ ਹਰ ਧਰਮ ਦੇ ਲੋਕਾਂ ਨੂੰ ਮੁਕੰਮਲ ਅਜ਼ਾਦੀ ਦਿੰਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਆਰ.ਐੱਸ.ਐੱਸ. ਮੁਖੀ ਜਾਣਬੁੱਝ ਕੇ ਦੇਸ਼ ਦੇ ਸੰਵਿਧਾਨ ਨੂੰ ਅੱਖੋ-ਉਹਲੇ ਕਰਕੇ ਹਿੰਦੂ ਰਾਸ਼ਟਰ ਦਾ ਏਜੰਡਾ ਦੇਸ਼ 'ਤੇ ਠੋਸ ਰਿਹਾ ਹੈ।

ਉਨ੍ਹਾਂ ਕਿਹਾ ਕਿ ਭਾਰਤ ਅੰਦਰ ਵੱਖ-ਵੱਖ ਧਰਮਾਂ ਦੀ ਵੰਨ-ਸੁਵੰਨਤਾ ਹੀ ਇਸ ਦੀ ਪਛਾਣ ਹੈ ਅਤੇ ਇਹ ਵੀ ਸੱਚ ਹੈ ਕਿ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਲਈ ਹਰ ਧਰਮ ਦੇ ਲੋਕਾਂ ਦਾ ਯੋਗਦਾਨ ਰਿਹਾ ਹੈ। ਜੇਕਰ ਇਕੱਲੇ ਸਿੱਖ ਧਰਮ ਦੀ ਹੀ ਗੱਲ ਕਰੀਏ ਤਾਂ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਇਹ ਹਿੱਸਾ 80 ਫੀਸਦੀ ਤੋਂ ਵੱਧ ਹੈ। ਸਿੱਖ ਕੌਮ ਦੀ ਆਪਣੀ ਵਿਲੱਖਣਤਾ ਹੈ, ਇਸ ਦੇ ਸਿਧਾਂਤ ਅਤੇ ਮਰਯਾਦਾ ਨਿਰਾਲੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਤਰ੍ਹਾਂ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਦੇਸ਼ 'ਚ ਵੱਸਣ ਵਾਲੇ ਸਿੱਖਾਂ ਸਣੇ ਹੋਰ ਵੱਖ-ਵੱਖ ਕੌਮਾਂ 'ਤੇ ਹਿੰਦੂ ਰਾਸ਼ਟਰ ਦਾ ਪ੍ਰਭਾਵ ਪਾਇਆ ਜਾਵੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੋਹਨ ਭਾਗਵਤ ਨੂੰ ਅਜਿਹੇ ਬਿਆਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਭਾਰਤ ਅੰਦਰ ਵੱਸਣ ਵਾਲੇ ਹਰ ਧਰਮ ਦੀ ਆਪੋ-ਆਪਣੀ ਪਛਾਣ ਹੈ ਅਤੇ ਇਸ ਨੂੰ ਰਲਗਡ ਕਰਨ ਦੀ ਕੋਸ਼ਿਸ਼ ਕਰਨਾ ਚਲਾਕੀ ਤਾਂ ਹੋ ਸਕਦੀ ਹੈ, ਪਰ ਸਮਝਦਾਰੀ ਨਹੀਂ।


author

Baljeet Kaur

Content Editor

Related News