ਭਟੂਰਿਆਂ ''ਚੋਂ ਮੱਖੀਆਂ ਨਿਕਲਣ ਦੀ ਵੀਡੀਓ ਵਾਇਰਲ, ਦੁਕਾਨ ''ਤੇ ਛਾਪੇਮਾਰੀ

Saturday, Aug 17, 2019 - 01:52 PM (IST)

ਭਟੂਰਿਆਂ ''ਚੋਂ ਮੱਖੀਆਂ ਨਿਕਲਣ ਦੀ ਵੀਡੀਓ ਵਾਇਰਲ, ਦੁਕਾਨ ''ਤੇ ਛਾਪੇਮਾਰੀ

ਅੰਮ੍ਰਿਤਸਰ (ਦਲਜੀਤ) : ਵੈਸ਼ਨੋ ਭੋਜਨ ਭੰਡਾਰ ਨਜ਼ਦੀਕ ਰੇਲਵੇ ਸਟੇਸ਼ਨ ਦੀ ਦੁਕਾਨ ਦੇ ਭਟੂਰਿਆਂ 'ਚੋਂ ਮੱਖੀਆਂ ਨਿਕਲਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਹਰਕਤ 'ਚ ਆ ਗਿਆ ਹੈ। ਵਿਭਾਗ ਨੇ ਉਕਤ ਦੁਕਾਨ 'ਤੇ ਛਾਪੇਮਾਰੀ ਕਰ ਕੇ ਜਿਥੇ ਭਟੂਰਿਆਂ ਅਤੇ ਛੋਲਿਆਂ ਦੇ ਸੈਂਪਲ ਭਰੇ, ਉਥੇ ਹੀ ਜਾਂਚ 'ਚ ਪਾਇਆ ਹੈ ਕਿ ਗੰਦਗੀ ਅਤੇ ਮੱਖੀਆਂ ਦੇ ਮਾਹੌਲ 'ਚ ਖਾਧ ਪਦਾਰਥ ਤਿਆਰ ਕਰ ਕੇ ਗਾਹਕਾਂ ਨੂੰ ਦਿੱਤੇ ਜਾ ਰਹੇ ਸਨ। ਇਹ ਦੁਕਾਨ ਫੂਡ ਸੇਫਟੀ ਦੇ ਲਾਇਸੈਂਸ ਤੋਂ ਬਿਨਾਂ ਚੱਲ ਰਹੀ ਸੀ।

ਜ਼ਿਲਾ ਸਿਹਤ ਅਫਸਰ ਡਾ. ਚਰਨਜੀਤ ਨੇ ਦੱਸਿਆ ਕਿ ਪਿਛਲੇ ਦਿਨੀਂ ਇਕ ਦੁਕਾਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਦਿਖਾਇਆ ਗਿਆ ਸੀ ਕਿ ਭਟੂਰਿਆਂ 'ਚੋਂ ਮਰੀਆਂ ਮੱਖੀਆਂ ਨਿਕਲੀਆਂ ਹਨ। ਦੁਕਾਨ ਦੇ ਮੁਲਾਜ਼ਮ ਵੀ ਵੀਡੀਓ 'ਚ ਮੰਨ ਰਹੇ ਸਨ ਕਿ ਉਨ੍ਹਾਂ ਦੀ ਗਲਤੀ ਹੈ। ਡਾ. ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਕੀਤੀ ਗਈ ਛਾਪੇਮਾਰੀ 'ਚ ਪਾਇਆ ਗਿਆ ਕਿ ਜਿਥੇ ਖਾਧ ਪਦਾਰਥ ਤਿਆਰ ਹੋ ਰਹੇ ਸਨ, ਉਥੇ ਕਾਫੀ ਗੰਦਗੀ ਸੀ ਅਤੇ ਮੱਖੀਆਂ ਭਿਣਭਿਣਾ ਰਹੀਆਂ ਸਨ। ਇਕ ਹਫਤੇ ਦਾ ਦੁਕਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜੇਕਰ ਇਕ ਹਫਤੇ ਤੋਂ ਬਾਅਦ ਵੀ ਦੁਕਾਨਦਾਰ ਵੱਲੋਂ ਪਾਈਆਂ ਗਈਆਂ ਖਾਮੀਆਂ 'ਚ ਸੁਧਾਰ ਨਹੀਂ ਲਿਆਂਦਾ ਜਾਂਦਾ ਤਾਂ ਦੁਕਾਨ ਨੂੰ ਸੀਲ ਕਰ ਦਿੱਤਾ ਜਾਵੇਗਾ। ਦੁਕਾਨਦਾਰ ਨੂੰ ਫੂਡ ਸੇਫਟੀ ਦਾ ਲਾਇਸੈਂਸ ਲੈਣ ਲਈ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਮਾਡਰਨ ਬੇਕਰੀ 'ਚ ਵੀ ਗੰਦਗੀ ਦੀ ਭਰਮਾਰ
ਸਰਕਾਰੀ ਮੈਡੀਕਲ ਕਾਲਜ ਦੀ ਬੈਕਸਾਈਡ ਸਥਿਤ ਅੰਮ੍ਰਿਤਸਰ ਦੀ ਮਸ਼ਹੂਰ ਮਾਡਰਨ ਬੇਕਰੀ 'ਚ ਗੰਦਗੀ ਦੇ ਆਲਮ ਵਿਚ ਖਾਧ ਪਦਾਰਥ ਤਿਆਰ ਹੋ ਰਹੇ ਹਨ। ਡਾ. ਚਰਨਜੀਤ ਨੇ ਦੱਸਿਆ ਕਿ ਬੇਕਰੀ 'ਚ ਗੰਦਗੀ ਦੀ ਭਰਮਾਰ ਸੀ। ਦੁਕਾਨਦਾਰ ਨੂੰ ਇਕ ਹਫਤੇ ਦਾ ਨੋਟਿਸ ਜਾਰੀ ਕਰ ਕੇ ਸੁਧਾਰ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੇਕਰੀ ਤੋਂ ਰਸ, ਪਨੀਰ, ਸੈਂਡਵਿਚ, ਮੈਦਾ ਆਦਿ ਦੇ ਸੈਂਪਲ ਲਏ ਗਏ ਹਨ।


author

Baljeet Kaur

Content Editor

Related News