'ਨਕਲੀ' ਜੁਰਾਬਾਂ ਵੇਚਣ 'ਤੇ Amazon ਨੂੰ 25 ਲੱਖ ਰੁਪਏ ਦਾ ਜੁਰਮਾਨਾ, ਚੰਡੀਗੜ੍ਹ ਦੇ ਵਿਅਕਤੀ ਨੇ ਕੀਤੀ ਸੀ ਸ਼ਿਕਾਇਤ

Wednesday, Mar 13, 2024 - 09:19 AM (IST)

ਚੰਡੀਗੜ੍ਹ (ਪ੍ਰੀਕਸ਼ਿਤ): ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਐਮਾਜ਼ੋਨ ਰੀਸੈਲਰ ਸਰਵਿਸਿਜ਼ ਅਤੇ ਉਸ ਦੀ ਐਸੋਸੀਏਟ ਕੰਪਨੀ ਵੱਲੋਂ ਕਿਸੇ ਹੋਰ ਬ੍ਰਾਂਡ ਦੀਆਂ ਜੁਰਾਬਾਂ ਵੇਚਣ ਦੇ ਦੋਸ਼ ਹੇਠ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੰਪਨੀਆਂ ਨੂੰ ਕਮਿਸ਼ਨ ਵੱਲੋਂ ਲਾਏ ਗਏ ਜੁਰਮਾਨੇ ਦੀ ਰਕਮ ਖਪਤਕਾਰ ਕਾਨੂੰਨੀ ਸਹਾਇਤਾ ਖਾਤੇ ’ਚ ਜਮ੍ਹਾਂ ਕਰਵਾਉਣੀ ਪਵੇਗੀ। ਕਮਿਸ਼ਨ ਨੇ ਕਿਹਾ ਕਿ ਦੇਸ਼ 'ਚ ਕਈ ਈ-ਕਾਮਰਸ ਕੰਪਨੀਆਂ ਲੋਕਾਂ ਨੂੰ ਖ਼ਰੀਦਦਾਰੀ ਦੀ ਸਹੂਲਤ ਦੇ ਰਹੀਆਂ ਹਨ। ਹਾਲਾਂਕਿ ਕੁਝ ਕੰਪਨੀਆਂ ਆਪਣੇ ਫ਼ਾਇਦੇ ਲਈ ਵੱਡੇ ਬ੍ਰਾਂਡਾਂ ਦੇ ਨਕਲੀ ਉਤਪਾਦ ਵੇਚਦੀਆਂ ਹਨ। ਅਸਲੀ ਉਤਪਾਦ ਨਾਲ ਅਜਿਹਾ ਕਰਨਾ ਲੋਕਾਂ ਨਾਲ ਧੋਖਾ ਹੈ। 

ਇਹ ਖ਼ਬਰ ਵੀ ਪੜ੍ਹੋ - ਗ੍ਰਹਿ ਮੰਤਰਾਲੇ ਨੇ ਕਿਸਾਨ ਅੰਦੋਲਨ ਕਾਰਨ ਬਦਲਿਆ ਫ਼ੈਸਲਾ! ਹੁਣ ਸੁਰਿੰਦਰ ਸਿੰਘ ਯਾਦਵ ਹੋਣਗੇ ਚੰਡੀਗੜ੍ਹ ਦੇ ਨਵੇਂ DGP

ਉਕਤ ਮਾਮਲੇ 'ਚ ਕਮਿਸ਼ਨ ਨੇ ਐਮਾਜ਼ੋਨ ਨੂੰ ਗਾਹਕ ਨਾਲ ਧੋਖਾਧੜੀ ਅਤੇ ਗੁੰਮਰਾਹ ਕਰਨ ਦਾ ਦੋਸ਼ੀ ਠਹਿਰਾਇਆ ਹੈ ਅਤੇ ਗਾਹਕ ਨੂੰ ਮਾਨਸਿਕ ਪ੍ਰੇਸ਼ਾਨੀ ਕਾਰਨ 2 ਲੱਖ ਰੁਪਏ ਮੁਆਵਜ਼ੇ ਵਜੋਂ ਤੇ 20 ਹਜ਼ਾਰ ਰੁਪਏ ਮੁਕੱਦਮੇਬਾਜ਼ੀ ਦੇ ਖ਼ਰਚੇ ਵਜੋਂ ਅਦਾ ਕਰਨੇ ਹੋਣਗੇ। ਨਾਲ ਹੀ ਕਮਿਸ਼ਨ ਨੇ ਖ਼ਰੀਦੀਆਂ ਜੁਰਾਬਾਂ ਲਈ ਗਾਹਕ ਵੱਲੋਂ ਅਦਾ ਕੀਤੀ 279.30 ਰੁਪਏ ਦੀ ਰਕਮ 9 ਫ਼ੀਸਦੀ ਵਿਆਜ ਸਮੇਤ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਦਾਇਰ ਕੇਸ ਤਹਿਤ ਗਾਹਕ ਨੇ ਐਮਾਜ਼ੋਨ ਤੋਂ ਮਾਰਕ ਜੈਕਬਸ ਬ੍ਰਾਂਡ ਦੀਆਂ ਜੁਰਾਬਾਂ ਦੀ ਇਕ ਜੋੜੀ ਖ਼ਰੀਦੀ ਸੀ ਪਰ ਕੰਪਨੀ ਨੇ ਉਸ ਨੂੰ ਮਾਰਕ ਬ੍ਰਾਂਡ ਦੀਆਂ ਜੁਰਾਬਾਂ ਵੇਚ ਦਿੱਤੀਆਂ। ਮਾਮਲੇ ’ਚ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਰਾਜ ਖਪਤਕਾਰ ਕਮਿਸ਼ਨ ਨੇ ਇਹ ਹੁਕਮ ਦਿੱਤੇ ਹਨ।

ਨਕਲੀ ਉਤਪਾਦ ਦੇ ਕੇ ਕੀਤਾ ਗਿਆ ਗੁੰਮਰਾਹ

ਸੈਕਟਰ-9 ਦੇ ਵਸਨੀਕ ਜਤਿਨ ਬਾਂਸਲ ਨੇ ਰਾਜ ਖਪਤਕਾਰ ਕਮਿਸ਼ਨ ''ਚ ਦਰਜ ਕਰਵਾਈ ਸ਼ਿਕਾਇਤ ''ਚ ਕਿਹਾ ਹੈ ਕਿ ਉਸ ਨੇ 22 ਫਰਵਰੀ 2023 ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਰੀਸੈਲਰ ਪ੍ਰਾਈਵੇਟ ਲਿਮਟਿਡ (ਐਮਾਜ਼ੋਨ) ਤੋਂ ਮਾਰਕ ਜੈਕਬਜ਼ ਬ੍ਰਾਂਡ ਦੀਆਂ ਜੁਰਾਬਾਂ ਮੰਗਵਾਈਆਂ ਸਨ, ਜਿਸ ਲਈ ਉਸ ਨੇ ਆਫਰ ਤਹਿਤ ਦਿੱਤੀ ਛੋਟ ਤੋਂ ਬਾਅਦ ਉਕਤ ਜੁਰਾਬਾਂ ਦੀ ਕੀਮਤ 279.30 ਰੁਪਏ ਅਦਾ ਕੀਤੀ ਸੀ। ਗਾਹਕ ਅਨੁਸਾਰ ਉਹ ਹੈਰਾਨ ਰਹਿ ਗਿਆ ਜਦੋਂ ਉਸ ਨੂੰ 25 ਫਰਵਰੀ 2023 ਨੂੰ ਐਮਾਜ਼ਾਨ ਤੋਂ ਆਰਡਰ ਮਿਲਿਆ। ਪੈਕੇਟ ਖੋਲ੍ਹਣ 'ਤੇ ਉਸ ਨੂੰ ਪਤਾ ਲੱਗਿਆ ਕਿ ਉਸ ਨੂੰ ਜੋ ਜੁਰਾਬਾਂ ਮਿਲੀਆਂ ਹਨ, ਉਹ ਮਾਰਕ ਜੈਕਬਸ ਦੀ ਬਜਾਏ ਸਿਰਫ਼ ਮਾਰਕ ਦੀਆਂ ਹਨ। ਮਾਰਕ ਬ੍ਰਾਂਡ ਬੀ.ਕੇ ਬੁਣਾਈ ਉਦਯੋਗ ਦਿੱਲੀ ਤੋਂ ਹੈ। ਇਸ ਤੋਂ ਬਾਅਦ ਗਾਹਕ ਨੇ ਉਕਤ ਮਾਮਲੇ ਦੀ ਸ਼ਿਕਾਇਤ ਐਮਾਜ਼ੋਨ ਕੰਪਨੀ ਨੂੰ ਵੀ ਕੀਤੀ।

ਇਹ ਖ਼ਬਰ ਵੀ ਪੜ੍ਹੋ - ਖ਼ੂਨ ਹੋਇਆ ਪਾਣੀ! ਛੋਟੇ ਭਰਾ ਨੇ ਵੱਡੇ ਦਾ ਵੱਢ ਦਿੱਤਾ ਗਲਾ, ਦਿੱਤੀ ਦਰਦਨਾਕ ਮੌਤ (ਵੀਡੀਓ)

ਦੋਸ਼ਾਂ ਅਨੁਸਾਰ ਉਸ ਨੇ ਕੰਪਨੀ ਨੂੰ ਕਿਹਾ ਕਿ ਜਾਂ ਤਾਂ ਉਸ ਨੂੰ ਉਸ ਦੇ ਆਰਡਰ ਦੇ ਹਿੱਸੇ ਵਜੋਂ ਮਾਰਕ ਜੈਕਬਸ ਬ੍ਰਾਂਡ ਦੀਆਂ ਜੁਰਾਬਾਂ ਦਿੱਤੀਆਂ ਜਾਣ ਜਾਂ ਇਨ੍ਹਾਂ ਨੂੰ ਵਾਪਸ ਲਿਆ ਜਾਵੇ। ਸ਼ਿਕਾਇਤਕਰਤਾ ਨੇ ਐਮਾਜ਼ੋਨ ਦੇ ਗਾਹਕ ਸੇਵਾ ਵਿਭਾਗ ਨੂੰ ਵੀ ਕਈ ਵਾਰ ਫ਼ੋਨ ਕੀਤਾ ਅਤੇ ਕਿਹਾ ਕਿ ਉਸ ਨੂੰ ਨਕਲੀ ਉਤਪਾਦ ਦੇ ਕੇ ਗੁੰਮਰਾਹ ਕੀਤਾ ਗਿਆ ਹੈ। ਉਸ ਨੇ ਰਕਮ ਤੁਰੰਤ ਵਾਪਸ ਕਰਨ ਦੀ ਬੇਨਤੀ ਕੀਤੀ ਪਰ ਉਸ ਦੀ ਸ਼ਿਕਾਇਤ ਦਾ ਹੱਲ ਨਹੀਂ ਕੀਤਾ। ਇਸ ਤੋਂ ਬਾਅਦ ਐਮਾਜ਼ਾਨ ਖ਼ਿਲਾਫ਼ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News