ਸੁੱਚੀ ਪਿੰਡ ਨੇੜੇ ਅਮਰਨਾਥ ਐਕਸਪ੍ਰੈੱਸ ਦੀ ਖਿੱਚੀ ਚੇਨ, 15 ਮਿੰਟ ਲੇਟ ਹੋਈ ਟਰੇਨ

03/08/2017 11:42:57 AM

ਜਲੰਧਰ (ਗੁਲਸ਼ਨ) : ਮੰਗਲਵਾਰ ਦੁਪਹਿਰ ਜਲੰਧਰ ਕੈਂਟ ਸਟੇਸ਼ਨ ਤੋਂ ਜੰਮੂ ਵੱਲ ਜਾ ਰਹੀ ਅਮਰਨਾਥ ਐਕਸਪ੍ਰੈੱਸ ਨੂੰ ਕੁਝ ਵਿਅਕਤੀਆਂ ਨੇ ਚੇਨ ਖਿੱਚ ਕੇ ਰੋਕ ਦਿੱਤਾ। ਟਰੇਨ ਦੀ ਚੇਨ ਖਿੱਚੇ ਜਾਣ ''ਤੇ ਆਰ. ਪੀ. ਐੱਫ. ਦੇ ਜਵਾਨ ਤੇ ਰੇਲਵੇ ਅਧਿਕਾਰੀ ਮੌਕੇ ''ਤੇ ਪਹੁੰਚੇ। ਪੁਲਸ ਨੂੰ ਦੇਖਦਿਆਂ ਹੀ ਚੇਨ ਖਿੱਚਣ ਵਾਲੇ ਨੌਜਵਾਨ ਇਧਰ-ਉਧਰ ਭੱਜ ਗਏ। ਸੂਤਰਾਂ ਮੁਤਾਬਕ ਇਕ-ਦੋ ਨੌਜਵਾਨ ਇੰਡੀਅਨ ਆਇਲ ਕੰਪਲੈਕਸ ਵਿਚ ਵੀ ਵੜ ਗਏ। ਇਸ ਦੌਰਾਨ ਇਕ ਨੌਜਵਾਨ ਅਕਾਸ਼ ਰੇਲਵੇ ਪੁਲਸ ਦੇ ਹੱਥੇ ਚੜ੍ਹ ਗਿਆ ਤੇ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ।
ਆਰ. ਪੀ. ਐੱਫ. ਪੋਸਟ ''ਤੇ ਤਾਇਨਾਤ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮੁੱਢਲੀ ਪੁਛਗਿੱਛ ਵਿਚ ਅਕਾਸ਼ ਨੇ ਦੱਸਿਆ ਕਿ ਉਹ ਲਖਨਊ ਤੋਂ ਜਲੰਧਰ ਕੈਂਟ ਵਿਚ ਆਰਮੀ ਦੀ ਭਰਤੀ ਲਈ ਅਮਰਨਾਥ ਐਕਸਪ੍ਰੈੱਸ ਵਿਚ ਆ ਰਿਹਾ ਸੀ। ਟਰੇਨ ਵਿਚ ਉਸ ਤੋਂ ਇਲਾਵਾ ਕਈ ਹੋਰ ਨੌਜਵਾਨ ਵੀ ਸਨ। ਉਹ ਵੀ ਭਰਤੀ ਲਈ ਆ ਰਹੇ ਸਨ ਪਰ ਉਨ੍ਹਾਂ ਨੂੰ ਸਟੇਸ਼ਨ ਆਉਣ ਦਾ ਪਤਾ ਨਹੀਂ ਲੱਗਾ ਤੇ ਜਿਵੇਂ ਹੀ ਗੱਡੀ ਸੁੱਚੀ ਪਿੰਡ ਪਹੁੰਚੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕੈਂਟ ਸਟੇਸ਼ਨ ਪਿੱਛੇ ਛੁੱਟ ਗਿਆ ਹੈ। ਕਾਹਲੀ-ਕਾਹਲੀ ਵਿਚ ਉਨ੍ਹਾਂ ਨੇ ਟਰੇਨ ਦੀ ਚੇਨ ਖਿੱਚ ਦਿੱਤੀ। ਸੂਚਨਾ ਮੁਤਾਬਕ ਇਸ ਕਾਰਨ ਟਰੇਨ 15 ਮਿੰਟ ਲੇਟ ਹੋ ਗਈ। ਪੁਲਸ ਨੇ ਸਟੇਸ਼ਨ ਮਾਸਟਰ ਦੀ ਮੀਮੋ ਮਿਲਣ ਤੋਂ ਬਾਅਦ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਨੂੰ ਰੇਲਵੇ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ, ਜਿਥੇ ਮੈਜਿਸਟਰੇਟ ਨੇ ਨੌਜਵਾਨ ਦੇ ਭਵਿੱਖ ਨੂੰ ਦੇਖਦਿਆਂ ਉਸ ਨੂੰ 500 ਰੁਪਏ ਜ਼ੁਰਮਾਨਾ ਕਰਨ ਤੋਂ ਬਾਅਦ ਰਿਹਾਅ ਕਰ ਦਿੱਤਾ।

Babita Marhas

News Editor

Related News