ਸ਼ਰਾਬ ਸਮੱਗਲਰ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ''ਤੇ ਫਾਇੰਰਗ ਕਰ ਕੇ ਫਰਾਰ

09/22/2017 1:45:52 AM

ਸ਼ੁਤਰਾਣਾ/ਪਾਤੜਾਂ, (ਜ. ਬ., ਸ਼ੀਸ਼ਪਾਲ)- ਹਰਿਆਣੇ ਦੀ ਸ਼ਰਾਬ ਵੇਚਣ ਵਾਲੇ ਗਿਰੋਹ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਬੀਤੇ ਦਿਨ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਲਾਏ ਨਾਕੇ ਦੌਰਾਨ ਉਨ੍ਹਾਂ 'ਤੇ ਸਿੱਧੀ ਫਾਇੰਰਗ ਕਰ ਦਿੱਤੀ। ਪੁਲਸ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ ਪਰ ਗਿਰੋਹ ਦੇ ਮੁਖੀ ਸ਼ਰਾਬ ਦੀਆਂ ਭਰੀਆਂ ਗੱਡੀਆਂ ਛੱਡ ਕੇ ਭੱਜਣ ਵਿਚ ਸਫ਼ਲ ਹੋ ਗਏ। ਪੁਲਸ ਨੇ ਗੱਡੀਆਂ ਵਿਚੋਂ 50 ਪੇਟੀਆਂ ਦੇਸੀ ਸ਼ਰਾਬ ਬਰਾਮਦ ਕਰ ਕੇ ਸਾਬਕਾ ਸਰਪੰਚ ਬਲਜੀਤ ਸਿੰਘ ਬੱਲੀ ਤੇ ਸੇਵਾ ਰਾਮ ਮਿਛਾਲ ਖਿਲਾਫ ਮਾਮਲਾ 221 ਨੰਬਰ ਦਰਜ ਕੀਤਾ ਹੈ।
ਇਸ ਕੇਸ ਦੀ ਤਫਤੀਸ਼ ਕਰ ਰਹੇ ਐੱਸ. ਐੱਚ. ਓ. ਅਮਨਪਾਲ ਵਿਰਕ ਤੇ ਸੱਤਪਾਲ ਏ. ਐੱਸ. ਆਈ. ਨੇ ਦੱਸਿਆ ਕਿ ਖਾਸ ਮੁਖਬਰ ਤੋਂ ਇਤਲਾਹ ਮਿਲੀ ਸੀ ਕਿ ਇੱਕ ਇਨੋਵਾ ਗੱਡੀ ਸਵਾਰ ਸੇਵਾ ਰਾਮ ਮਿਛਾਲ ਅਤੇ ਸਵਿਫਟ ਕਾਰ ਸਵਾਰ ਪਿੰਡ ਖਾਨੇਵਾਲ ਦਾ ਸਾਬਕਾ ਸਰਪੰਚ ਬਲਜੀਤ ਸਿੰਘ ਬੱਲੀ ਆਪਣੇ ਸਾਥੀਆਂ ਨਾਲ ਹਰਿਆਣੇ ਵਿੱਚੋਂ ਸ਼ਰਾਬ ਲਿਆ ਕੇ ਪਾਤੜਾਂ ਵਿਖੇ ਵੇਚਣ ਆ ਰਹੇ ਹਨ। ਪੱਕੀ ਇਤਲਾਹ 'ਤੇ ਨਰਵਾਣਾ ਰੋਡ ਪਾਤੜਾਂ ਵਿਖੇ ਨਾਕਾਬੰਦੀ ਕੀਤੀ ਗਈ। ਇਸ ਦੀ ਸੂਚਨਾ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਰਜੀਤ ਸਿੰਘ ਨੂੰ ਵੀ ਸੀ। ਉਨ੍ਹਾਂ ਆਪਣੀ ਪੁਲਸ ਟੀਮ ਲੈ ਕੇ ਪਿੰਡ ਖਾਸਪੁਰ ਕੋਲ ਨਾਕਾਬੰਦੀ ਕੀਤੀ।   ਇਸ ਦੌਰਾਨ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੇਖਦੇ ਹੀ ਦੇਖਦੇ ਬਲਜੀਤ ਸਿੰਘ ਉਰਫ ਬੱਲੀ ਨੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ 'ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਮੁਲਾਜ਼ਮਾਂ ਦੀ ਮੁਸਤੈਦੀ ਕਾਰਨ ਇੰਸਪੈਕਟਰ ਐਕਸਾਈਜ਼ ਤੇ ਮੁਲਾਜ਼ਮ ਵਾਲ-ਵਾਲ ਬਚ ਗਏ। ਮੁਲਾਜ਼ਮ ਸਾਥੀਆਂ ਸਮੇਤ ਗੱਡੀਆਂ ਛੱਡ ਕੇ ਫਰਾਰ ਹੋ ਗਏ। ਉਕਤ ਗੱਡੀਆਂ ਵਿਚੋਂ ਹਰਿਆਣੇ ਦੀ ਦੇਸੀ ਸ਼ਰਾਬ ਮਾਲਟਾ 50 ਪੇਟੀਆਂ ਬਰਾਮਦ ਹੋਈਆਂ। ਉਨ੍ਹਾਂ ਇਹ ਵੀ ਦੱਸਿਆ ਕਿ ਬਲਜੀਤ ਸਿੰਘ ਬੱਲੀ 'ਤੇ ਪਹਿਲਾਂ ਵੀ ਹਰਿਆਣੇ ਦੀ ਸ਼ਰਾਬ ਵੇਚਣ ਦੇ ਕਈ ਮਾਮਲੇ ਦਰਜ ਹਨ। ਹੁਣ ਇਸ ਜੁਰਮ ਵਿਚ ਵਾਧਾ ਕਰਦੇ ਹੋਏ ਧਾਰਾ 307 ਆਈ. ਪੀ. ਸੀ. 25, 27, 54/59 ਆਮ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


Related News