ਸ਼ਰਾਬ ਦਾ ਪਿਆਲਾ ਸਾਂਝਾ ਕਰਨ ਵਾਲੇ ਯਾਰ ਹੀ 2 ਲੱਖ ਖੋਹ ਕੇ ਫਰਾਰ

07/20/2020 6:02:57 PM

ਫ਼ਰੀਦਕੋਟ (ਰਾਜਨ) : ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਪੱਖੀ ਕਲਾਂ ਵਿਖੇ ਇਕ ਵਿਅਕਤੀ ਨਾਲ ਸ਼ਰਾਬ ਦਾ ਪਿਆਲਾ ਸਾਂਝਾ ਕਰਨ ਵਾਲੇ ਉਸਦੇ ਦੋ ਯਾਰਾਂ ਵੱਲੋਂ ਹੀ 2 ਲੱਖ ਰੁਪਏ ਦੀ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਤੇ ਸਥਾਨਕ ਥਾਣਾ ਸਦਰ ਵਿਖੇ ਪੀੜਤ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਕਰਤਾ ਬਲਤੇਜ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਹਰਦਿਆਲੇਆਣਾ ਨੇ ਦੱਸਿਆ ਕਿ ਉਹ 6-7 ਮਹੀਨੇ ਤੋਂ ਪੈਸਟੀਸਾਈਡ ਦੀਆਂ ਦੁਕਾਨਾਂ ਤੋਂ ਆਰਡਰ ਆਦਿ ਲੈਣ ਦਾ ਕੰਮ ਕਰਦਾ ਆ ਰਿਹਾ ਹੈ। ਸ਼ਿਕਾਇਤ ਕਰਤਾ ਅਨੁਸਾਰ ਜਦੋਂ ਉਹ ਪਿੰਡ ਰੱਤਾ ਖੇੜਾ ਨਿਵਾਸੀ ਗੁਰਦੇਵ ਸਿੰਘ ਜਿਸ ਦੀ ਪਿੰਡ ਬੱਧਣੀ ਗੁਲਾਬ ਸਿੰਘ ਵਿਖੇ ਪੈਸਟੀਸਾਈਡ ਦੀ ਦੁਕਾਨ ਹੈ ਕੋਲੋਂ ਕੰਪਨੀ ਦੀ 2 ਲੱਖ ਰੁਪਏ ਦੀ ਪੇਮੈਂਟ ਲੈ ਕੇ ਪੱਖੀ ਕਲਾਂ ਆਪਣੇ ਦਫ਼ਤਰ ਆ ਕੇ ਬੈਠ ਗਿਆ ਤਾਂ ਸ਼ਾਮ ਵੇਲੇ ਰਾਜਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਵਾਸੀ ਪਿੰਡ ਹਰਦਿਆਲੇਆਣਾ ਵੀ ਉਸ ਕੋਲ ਆ ਗਏ ਜਿਸ ਤੋਂ ਬਾਅਦ ਉਨ੍ਹਾਂ ਇਕੱਠਿਆਂ ਬੈਠ ਕੇ ਸ਼ਰਾਬ ਆਦਿ ਪੀਤੀ। 

ਸ਼ਿਕਾਇਤ ਕਰਤਾ ਅਨੁਸਾਰ ਇਸ ਤੋਂ ਬਾਅਦ ਰਾਤ ਕਰੀਬ 9 ਵਜੇ ਇਹ ਦੋਵੇਂ ਪਿੰਡ ਹਰਦਿਆਲੇਆਣਾ ਜਾਣ ਲਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਚਲੇ ਗਏ ਜਿਸ ਉਪਰੰਤ ਉਹ ਵੀ ਆਪਣਾ ਦਉਂਤਰ ਬੰਦ ਕਰਕੇ ਰਾਤ ਕਰੀਬ 9:30 ਵਜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਚੱਲ ਪਿਆ। ਸ਼ਿਕਾਇਤ ਕਰਤਾ ਵੱਲੋਂ ਲਾਏ ਦੋਸ਼ ਅਨੁਸਾਰ ਜਦੋਂ ਉਹ ਪਿੰਡ ਪੱਖੀ ਕਲਾਂ ਦੇ ਅੱਡੇ 'ਤੇ ਪੁੱਜਾ ਤਾਂ ਉਸਦੇ ਮੋਟਰਸਾਈਕਲ ਅੱਗੇ ਰਾਜਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਆਪਣੇ ਹੱਥਾਂ ਵਿਚ ਬੈਟ ਲੈ ਕੇ ਖੜ੍ਹੇ ਹੋਏ ਸਨ ਜਿਨ੍ਹਾਂ ਬੈਟਾਂ ਨਾਲ ਉਸਦੀ ਕੁੱਟਮਾਰ ਕੀਤੀ ਅਤੇ 2 ਲੱਖ ਰੁਪਏ ਲੈ ਕੇ ਫ਼ਰਾਰ ਹੋ ਗਏ। ਥਾਣਾ ਸਿਟੀ ਵਿਖੇ ਉਕਤ ਦੋਵਾਂ 'ਤੇ ਦਰਜ ਕੀਤੇ ਗਏ ਮੁਕੱਦਮੇਂ ਦੀ ਤਫਤੀਸ਼ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਵੱਲੋਂ ਜਾਰੀ ਹੈ।


Gurminder Singh

Content Editor

Related News