ESI ਹਸਪਤਾਲ ਦਾ ਵੱਡਾ ਫੈਸਲਾ, ਮਰੀਜ਼ਾਂ ਨੂੰ ਰੈਫਰ ਕਰਨ ਨੂੰ ਲੈ ਕੇ ਨਵੇਂ ਨਿਯਮ ਲਾਗੂ
Tuesday, Sep 01, 2026 - 11:48 AM (IST)
ਅੰਮ੍ਰਿਤਸਰ(ਦਲਜੀਤ)-ਮਜੀਠਾ ਰੋਡ ਸਥਿਤ ਸਰਕਾਰੀ ਈ. ਐੱਸ. ਆਈ. ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਸਿੱਧੇ ਤੌਰ ’ਤੇ ਪ੍ਰਾਈਵੇਟ ਹਸਪਤਾਲਾਂ ’ਚ ਰੈਫਰ ਨਹੀਂ ਕੀਤਾ ਜਾ ਸਕੇਗਾ। ਹਸਪਤਾਲ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਮਰੀਜ਼ ਨੂੰ ਪਹਿਲਾਂ ਸਰਕਾਰੀ ਹਸਪਤਾਲ ’ਚ ਇਲਾਜ ਲਈ ਰੈਫਰ ਕੀਤਾ ਜਾਵੇਗਾ। ਜੇਕਰ ਉੱਥੇ ਮਰੀਜ਼ ਦਾ ਇਲਾਜ ਸੰਭਵ ਨਾ ਹੋਵੇ, ਤਾਂ ਹੀ ਅਗਲੀ ਲੋੜ ਅਨੁਸਾਰ ਉਸ ਨੂੰ ਹੋਰ ਹਸਪਤਾਲ ਲਈ ਭੇਜਣ ਦੀ ਪ੍ਰਕਿਰਿਆ ਅਪਣਾਈ ਜਾਵੇਗੀ।
ਇਹ ਵੀ ਪੜ੍ਹੋ- ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਨੇਪਾਲ ਪੁੱਜਿਆ
ਇਸ ਸਬੰਧੀ ਦਫ਼ਤਰੀ ਹੁਕਮ ਜਾਰੀ ਕਰਦਿਆਂ ਮੈਡੀਕਲ ਸੁਪਰਡੈਂਟ, ਈ. ਐੱਸ. ਆਈ. ਹਸਪਤਾਲ ਅੰਮ੍ਰਿਤਸਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਹਸਪਤਾਲ ਦੀ ਐਮਰਜੈਂਸੀ ’ਚ ਤਾਇਨਾਤ ਮੈਡੀਕਲ ਅਫਸਰ ਹੁਣ ਬਿਨਾਂ ਸੀਨੀਅਰ ਮੈਡੀਕਲ ਅਫਸਰ ਦੀ ਸਲਾਹ ਦੇ ਮਰੀਜ਼ਾਂ ਨੂੰ ਰੈਫਰ ਨਹੀਂ ਕਰਨਗੇ। ਇਸ ਹੁਕਮ ਨੂੰ ਹਸਪਤਾਲ ਦੇ ਸਬੰਧਤ ਅਧਿਕਾਰੀਆਂ ਅਤੇ ਸਟਾਫ ਨੂੰ ਸੂਚਨਾ ਤੇ ਪਾਲਣਾ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 2, 3 ਤੇ 4 ਸਤੰਬਰ ਨੂੰ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਜਾਰੀ
ਪਹਿਲੀ ਤਰਜੀਹ ਸਰਕਾਰੀ ਇਲਾਜ ਨੂੰ
ਹਸਪਤਾਲ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਮੁੱਖ ਮਕਸਦ ਈ. ਐੱਸ. ਆਈ. ਅਧੀਨ ਆਉਣ ਵਾਲੇ ਮਰੀਜ਼ਾਂ ਨੂੰ ਸਰਕਾਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਮੁਹੱਈਆ ਕਰਵਾਉਣਾ ਹੈ। ਨਵੇਂ ਪ੍ਰਬੰਧ ਤਹਿਤ ਕਿਸੇ ਮਰੀਜ਼ ਨੂੰ ਸਿੱਧਾ ਟਾਈ-ਅੱਪ ਕੀਤੇ ਪ੍ਰਾਈਵੇਟ ਹਸਪਤਾਲ ’ਚ ਭੇਜਣ ਦੀ ਬਜਾਏ ਪਹਿਲਾਂ ਸਰਕਾਰੀ ਪੱਧਰ ’ਤੇ ਉਸ ਦੇ ਇਲਾਜ ਦੀ ਸੰਭਾਵਨਾ ਦੇਖੀ ਜਾਵੇਗੀ। ਪ੍ਰਾਪਤ ਪੱਤਰ ’ਚ ਹਦਾਇਤ ਕੀਤੀ ਗਈ ਹੈ ਕਿ ਐਮਰਜੈਂਸੀ ਮੈਡੀਕਲ ਅਫਸਰ ਆਪਣੇ ਪੱਧਰ ’ਤੇ ਮਰੀਜ਼ ਨੂੰ ਰੈਫਰ ਨਹੀਂ ਕਰਨਗੇ, ਸਗੋਂ ਸੀਨੀਅਰ ਮੈਡੀਕਲ ਅਫਸਰ ਨਾਲ ਸਲਾਹ-ਮਸ਼ਵਰਾ ਕਰਨਾ ਲਾਜ਼ਮੀ ਹੋਵੇਗਾ।
ਇਹ ਵੀ ਪੜ੍ਹੋ-ਪੰਜਾਬ: ਕਾਂਗਰਸੀ ਕੌਂਸਲਰ ਦੇ ਚਾਚੇ 'ਤੇ ਚੱਲੀਆਂ ਗੋਲੀਆਂ
ਗੁਰੂ ਨਾਨਕ ਦੇਵ ਹਸਪਤਾਲ ’ਚ ਪਹਿਲਾਂ ਹੋਵੇਗੀ ਇਲਾਜ ਦੀ ਕੋਸ਼ਿਸ਼
ਜੇਕਰ ਈ. ਐੱਸ. ਆਈ. ਹਸਪਤਾਲ ’ਚ ਕਿਸੇ ਮਰੀਜ਼ ਦਾ ਇਲਾਜ ਸੰਭਵ ਨਾ ਹੋਵੇ, ਤਾਂ ਉਸ ਨੂੰ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਰੈਫਰ ਕੀਤਾ ਜਾਵੇਗਾ। ਜੇਕਰ ਉੱਥੇ ਵੀ ਲੋੜੀਂਦਾ ਇਲਾਜ ਜਾਂ ਵਿਸ਼ੇਸ਼ ਸਹੂਲਤ ਉਪਲੱਬਧ ਨਾ ਹੋਵੇ, ਤਾਂ ਹੀ ਨਿਯਮਾਂ ਅਨੁਸਾਰ ਪ੍ਰਾਈਵੇਟ ਹਸਪਤਾਲ ਲਈ ਕਾਰਵਾਈ ਕੀਤੀ ਜਾਵੇਗੀ। ਹੁਣ ਮਰੀਜ਼ਾਂ ਦੀ ਸਥਿਤੀ ਅਤੇ ਇਲਾਜ ਦੀ ਉਪਲਬਧਤਾ ਨੂੰ ਧਿਆਨ ’ਚ ਰੱਖ ਕੇ ਵਧੇਰੇ ਨਿਯਮਬੱਧ ਤਰੀਕੇ ਨਾਲ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ: ਰੱਖੜੀ 'ਤੇ ਚਮਕੀ ਪੁਲਸ ਮੁਲਾਜ਼ਮ ਦੀ ਕਿਸਮਤ, ਲਾਟਰੀ 'ਚ ਜਿੱਤੇ 7,00,00,000
ਪੁਰਾਣੇ ਮਰੀਜ਼ਾਂ ’ਚ ਨਹੀਂ ਹੋਵੇਗਾ ਕੋਈ ਬਦਲਾਅ
ਈ. ਐੱਸ. ਆਈ. ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਅਸ਼ਵਨੀ ਨੇ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਪਹਿਲਾਂ ਤੋਂ ਪ੍ਰਾਈਵੇਟ ਹਸਪਤਾਲ ’ਚ ਚੱਲ ਰਿਹਾ ਹੈ (ਜਿਵੇਂ ਕਿ ਕੀਮੋਥੈਰੇਪੀ ਆਦਿ), ਉਨ੍ਹਾਂ ਦਾ ਇਲਾਜ ਜਿਉਂ ਦਾ ਤਿਉਂ ਪ੍ਰਾਈਵੇਟ ਹਸਪਤਾਲ ’ਚ ਹੀ ਜਾਰੀ ਰਹੇਗਾ। ਪੁਰਾਣੇ ਮਰੀਜ਼ਾਂ ਦੇ ਇਲਾਜ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੇਂ ਹੁਕਮ ਸਿਰਫ਼ ਨਵੇਂ ਮਰੀਜ਼ਾਂ ’ਤੇ ਹੀ ਢੁੱਕਣਗੇ, ਜੋ ਕਿ ਮਰੀਜ਼ਾਂ ਦੀ ਭਲਾਈ ਅਤੇ ਉਨ੍ਹਾਂ ਦੀ ਸਮੱਸਿਆ ਦੇ ਸਮੇਂ ਸਿਰ ਹੱਲ ਲਈ ਲਏ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
